< 2 ਇਤਿਹਾਸ 24 >
1 ੧ ਜਦ ਯੋਆਸ਼ ਰਾਜ ਕਰਨ ਲੱਗਾ ਤਦ ਉਹ ਸੱਤ ਸਾਲਾਂ ਦਾ ਸੀ। ਉਸ ਨੇ ਚਾਲ੍ਹੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬਏਰਸ਼ਬਾ ਦੀ ਸੀ
2 ੨ ਅਤੇ ਯੋਆਸ਼ ਯਹੋਯਾਦਾ ਜਾਜਕ ਦੇ ਜੀਵਨ ਵਿੱਚ ਉਹੀ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ
3 ੩ ਯਹੋਯਾਦਾ ਨੇ ਉਸ ਨੂੰ ਦੋ ਇਸਤਰੀਆਂ ਵਿਆਹ ਦਿੱਤੀਆਂ ਅਤੇ ਉਨ੍ਹਾਂ ਦੇ ਪੁੱਤਰ ਤੇ ਧੀਆਂ ਜੰਮੀਆਂ
4 ੪ ਇਸ ਦੇ ਮਗਰੋਂ ਐਉਂ ਹੋਇਆ ਕਿ ਯੋਆਸ਼ ਨੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਦੀ ਇੱਛਾ ਕੀਤੀ
5 ੫ ਸੋ ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੂਦਾਹ ਦੇ ਸ਼ਹਿਰਾਂ ਵਿੱਚ ਜਾ-ਜਾ ਕੇ ਸਾਰੇ ਇਸਰਾਏਲ ਪਾਸੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਲਈ ਚਾਂਦੀ ਇਕੱਠੀ ਕਰਿਆ ਕਰੋ ਅਤੇ ਇਸ ਕੰਮ ਵਿੱਚ ਤੁਸੀਂ ਛੇਤੀ ਕਰਨੀ ਤਾਂ ਵੀ ਲੇਵੀਆਂ ਨੇ ਕੁਝ ਛੇਤੀ ਨਾ ਕੀਤੀ
6 ੬ ਤਦ ਪਾਤਸ਼ਾਹ ਨੇ ਯਹੋਯਾਦਾ ਪ੍ਰਧਾਨ ਨੂੰ ਬੁਲਾ ਕੇ ਉਸ ਨੂੰ ਆਖਿਆ, ਕਿ ਤੂੰ ਲੇਵੀਆਂ ਕੋਲੋਂ ਕਿਉਂ ਮੰਗ ਨਹੀਂ ਕੀਤੀ ਕਿ ਉਹ ਸਾਖੀ ਦੇ ਤੰਬੂ ਲਈ ਯਹੂਦਾਹ ਅਤੇ ਯਰੂਸ਼ਲਮ ਤੋਂ ਇਸਰਾਏਲ ਦੀ ਸਭਾ ਉੱਤੇ ਯਹੋਵਾਹ ਦੇ ਦਾਸ ਮੂਸਾ ਦਾ ਮਸੂਲ ਲਿਆਇਆ ਕਰਨ?
7 ੭ ਕਿਉਂ ਜੋ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰਾਂ ਨੇ ਪਰਮੇਸ਼ੁਰ ਦੇ ਭਵਨ ਵਿੱਚ ਮੋਘ ਕਰ ਦਿੱਤੇ ਸਨ ਅਤੇ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਨਜ਼ਰ ਕੀਤੀਆਂ ਹੋਈਆਂ ਚੀਜ਼ਾਂ ਵੀ ਉਨ੍ਹਾਂ ਨੇ ਬਆਲਾਂ ਲਈ ਦੇ ਦਿੱਤੀਆਂ ਸਨ
8 ੮ ਸੋ ਪਾਤਸ਼ਾਹ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਹ ਨੂੰ ਯਹੋਵਾਹ ਦੇ ਭਵਨ ਦੇ ਦਰਵਾਜ਼ੇ ਉੱਤੇ ਬਾਹਰ ਰੱਖ ਦਿੱਤਾ
9 ੯ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਡੌਂਡੀ ਪਿਟਵਾਈ ਕਿ ਲੋਕੀ ਉਹ ਮਸੂਲ ਜਿਹੜਾ ਪਰਮੇਸ਼ੁਰ ਦੇ ਦਾਸ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ ਯਹੋਵਾਹ ਦੇ ਲਈ ਲਿਆਉਣ
10 ੧੦ ਤਾਂ ਸਾਰੇ ਸਰਦਾਰ ਅਤੇ ਸਾਰੇ ਲੋਕੀ ਖੁਸ਼ ਹੋਏ ਅਤੇ ਲਿਆ ਕੇ ਉਸ ਸੰਦੂਕ ਵਿੱਚ ਪਾਉਂਦੇ ਰਹੇ ਜਦ ਤੱਕ ਇਹ ਕੰਮ ਪੂਰਾ ਨਾ ਕਰ ਲਿਆ
11 ੧੧ ਜਦ ਸੰਦੂਕ ਲੇਵੀਆਂ ਦੇ ਹੱਥੀਂ ਪਾਤਸ਼ਾਹ ਦੇ ਕਰਿੰਦਿਆਂ ਦੇ ਕੋਲ ਪੁੱਜਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਇਸ ਵਿੱਚ ਬਹੁਤ ਰਕਮ ਹੈ ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪ੍ਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਅਤੇ ਉਹ ਨੂੰ ਫੇਰ ਉਸ ਦੇ ਥਾਂ ਤੇ ਰਖਵਾ ਦਿੱਤਾ ਅਤੇ ਹਰ ਰੋਜ਼ ਇਸੇ ਤਰ੍ਹਾਂ ਕਰ ਕੇ ਉਨ੍ਹਾਂ ਨੇ ਬਹੁਤ ਸਾਰੀ ਰਕਮ ਇਕੱਠੀ ਕਰ ਲਈ
12 ੧੨ ਫੇਰ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਉਨ੍ਹਾਂ ਨੂੰ ਦੇ ਦਿੱਤੀ ਜਿਹੜੇ ਯਹੋਵਾਹ ਦੇ ਭਵਨ ਦੀ ਉਪਾਸਨਾ ਦੇ ਕੰਮ ਉੱਤੇ ਨਿਯੁਕਤ ਸਨ ਅਤੇ ਉਨ੍ਹਾਂ ਨੇ ਰਾਜਾਂ ਅਤੇ ਤਰਖਾਣਾਂ ਨੂੰ ਯਹੋਵਾਹ ਦੇ ਭਵਨ ਨੂੰ ਠੀਕ ਕਰਨ ਲਈ ਅਤੇ ਲੁਹਾਰਾਂ ਅਤੇ ਠਠੇਰਿਆਂ ਨੂੰ ਵੀ ਯਹੋਵਾਹ ਦੇ ਭਵਨ ਦੀ ਮੁਰੰਮਤ ਲਈ ਮਜ਼ਦੂਰੀ ਉੱਤੇ ਰੱਖਿਆ
13 ੧੩ ਸੋ ਕਾਰੀਗਰ ਲੱਗ ਗਏ ਅਤੇ ਕੰਮ ਉਨ੍ਹਾਂ ਦੇ ਹੱਥੀਂ ਪੂਰਾ ਹੁੰਦਾ ਗਿਆ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਨੂੰ ਉਸ ਦੀ ਪਹਿਲੀ ਹਾਲਤ ਉੱਤੇ ਕਰ ਕੇ ਉਹ ਨੂੰ ਪੱਕਾ ਕਰ ਦਿੱਤਾ
14 ੧੪ ਜਦ ਉਹ ਨੂੰ ਮੁਕਾ ਚੁੱਕੇ ਤਾਂ ਬਾਕੀ ਦੀ ਚਾਂਦੀ ਪਾਤਸ਼ਾਹ ਅਤੇ ਯਹੋਯਾਦਾ ਦੇ ਕੋਲ ਲੈ ਆਏ ਜਿਸ ਦੇ ਨਾਲ ਯਹੋਵਾਹ ਦੇ ਭਵਨ ਲਈ ਭਾਂਡੇ ਅਰਥਾਤ ਸੇਵਾ ਅਤੇ ਬਲੀ ਚੜ੍ਹਾਉਣ ਦੇ ਭਾਂਡੇ ਅਤੇ ਕੌਲੀਆਂ ਅਤੇ ਸੋਨੇ ਅਤੇ ਚਾਂਦੀ ਦੇ ਭਾਂਡੇ ਬਣੇ ਅਤੇ ਉਹ ਯਹੋਯਾਦਾ ਦੇ ਸਾਰੇ ਦਿਨਾਂ ਤੱਕ ਲਗਾਤਾਰ ਯਹੋਵਾਹ ਦੇ ਭਵਨ ਵਿੱਚ ਹੋਮ ਦੀਆਂ ਬਲੀਆਂ ਚੜ੍ਹਾਉਂਦੇ ਰਹੇ।
15 ੧੫ ਯਹੋਯਾਦਾ ਬੁੱਢਾ ਤੇ ਸਮਾ ਪੂਰ ਹੋ ਕੇ ਚਲਾਣਾ ਕਰ ਗਿਆ ਅਤੇ ਜਿਸ ਵੇਲੇ ਉਹ ਦੀ ਮੌਤ ਹੋਈ ਤਾਂ ਉਹ ਇੱਕ ਸੌ ਤੀਹਾਂ ਸਾਲਾਂ ਦਾ ਸੀ
16 ੧੬ ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਪਾਤਸ਼ਾਹਾਂ ਦੇ ਵਿੱਚਕਾਰ ਦੱਬਿਆ ਕਿਉਂ ਜੋ ਉਹ ਨੇ ਇਸਰਾਏਲ ਵਿੱਚ ਅਤੇ ਪਰਮੇਸ਼ੁਰ ਅਤੇ ਉਹ ਦੇ ਭਵਨ ਲਈ ਨੇਕੀ ਕੀਤੀ ਸੀ
17 ੧੭ ਯਹੋਯਾਦਾ ਦੇ ਮਰਨ ਦੇ ਮਗਰੋਂ ਯਹੂਦਾਹ ਦੇ ਸਰਦਾਰਾਂ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ
18 ੧੮ ਤਾਂ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਭਵਨ ਨੂੰ ਛੱਡ ਦਿੱਤਾ ਅਤੇ ਟੁੰਡਾਂ ਅਤੇ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਤਾਂ ਉਨ੍ਹਾਂ ਦੀ ਇਸ ਭੁੱਲ ਦੇ ਕਾਰਨ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਆ ਪਿਆ
19 ੧੯ ਤਾਂ ਵੀ ਯਹੋਵਾਹ ਨੇ ਉਹਨਾਂ ਦੇ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਹਨਾਂ ਨੂੰ ਉਸ ਵੱਲ ਮੋੜ ਲਿਆਉਣ ਅਤੇ ਉਹ ਉਨ੍ਹਾਂ ਨੂੰ ਚੇਤਾਵਨੀ ਦਿੰਦੇ ਰਹੇ ਪਰ ਉਹਨਾਂ ਨੇ ਕੰਨ ਨਾ ਲਾਇਆ
20 ੨੦ ਤਦ ਪਰਮੇਸ਼ੁਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਉੱਤਰਿਆ। ਉਹ ਲੋਕਾਂ ਤੋਂ ਉੱਚੇ ਥਾਂ ਉੱਤੇ ਖੜ੍ਹੇ ਕੇ ਆਖਣ ਲੱਗਾ ਕਿ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਇਸ ਤਰ੍ਹਾਂ ਤੁਸੀਂ ਸਫ਼ਲ ਨਹੀਂ ਹੋ ਸਕਦੇ? ਕਿਉਂ ਜੋ ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਉਸ ਨੇ ਵੀ ਤੁਹਾਨੂੰ ਛੱਡ ਦਿੱਤਾ ਹੈ
21 ੨੧ ਤਦ ਉਨ੍ਹਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਪਾਤਸ਼ਾਹ ਦੇ ਹੁਕਮ ਨਾਲ ਉਹ ਨੂੰ ਯਹੋਵਾਹ ਦੇ ਭਵਨ ਵਿੱਚ ਮਾਰ ਸੁੱਟਿਆ
22 ੨੨ ਅਤੇ ਯੋਆਸ਼ ਪਾਤਸ਼ਾਹ ਨੇ ਉਸ ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਸ ਨੇ ਉਸ ਉੱਤੇ ਕੀਤਾ ਸੀ ਯਾਦ ਨਾ ਰੱਖਿਆ ਸਗੋਂ ਉਸ ਦੇ ਪੁੱਤਰ ਨੂੰ ਮਾਰ ਦਿੱਤਾ। ਉਸ ਨੇ ਮਰਨ ਦੇ ਵੇਲੇ ਆਖਿਆ, ਯਹੋਵਾਹ ਇਸ ਨੂੰ ਵੇਖੇ ਅਤੇ ਬਦਲਾ ਲਵੇ!।
23 ੨੩ ਇਸ ਤਰ੍ਹਾਂ ਹੋਇਆ ਕਿ ਉਸ ਸਾਲ ਦੇ ਅੰਤ ਵਿੱਚ ਅਰਾਮੀਆਂ ਦੀ ਫ਼ੌਜ ਨੇ ਉਸ ਉੱਤੇ ਚੜਾਈ ਕਰ ਦਿੱਤੀ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆ ਕੇ ਉੱਮਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦੰਮਿਸ਼ਕ ਦੇ ਰਾਜਾ ਦੇ ਕੋਲ ਭੇਜ ਦਿੱਤਾ
24 ੨੪ ਕਿਉਂ ਜੋ ਅਰਾਮ ਦੀ ਫ਼ੌਜ ਵਿੱਚੋਂ ਇੱਕ ਛੋਟਾ ਜੱਥਾ ਹੀ ਆਇਆ ਸੀ ਤਾਂ ਵੀ ਯਹੋਵਾਹ ਨੇ ਇਹ ਵੱਡੀ ਫ਼ੌਜ ਉਨ੍ਹਾਂ ਦੇ ਪਾਸੋਂ ਹਰਾ ਦਿੱਤੀ ਇਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ ਸੋ ਉਨ੍ਹਾਂ ਨੇ ਯੋਆਸ਼ ਨੂੰ ਉਹ ਦੀ ਕੀਤੀ ਦਾ ਬਦਲਾ ਦਿੱਤਾ
25 ੨੫ ਅਤੇ ਜਦ ਉਹ ਉਸ ਦੇ ਕੋਲੋਂ ਮੁੜ ਗਏ ਕਿਉਂ ਜੋ ਉਨ੍ਹਾਂ ਨੇ ਉਸ ਨੂੰ ਵੱਡੀਆਂ ਬਿਮਾਰੀਆਂ ਵਿੱਚ ਰੋਗੀ ਛੱਡਿਆ ਤਾਂ ਉਸ ਦੇ ਨੌਕਰਾਂ ਨੇ ਯਹੋਯਾਦਾ ਜਾਜਕ ਦੇ ਪੁੱਤਰਾਂ ਦੇ ਖੂਨ ਦੇ ਕਾਰਨ ਉਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਉਸ ਦੇ ਬਿਸਤਰੇ ਉੱਤੇ ਕਤਲ ਕੀਤਾ ਤਾਂ ਉਹ ਮਰ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਤਾਂ ਦੱਬਿਆ ਪਰ ਪਾਤਸ਼ਾਹਾਂ ਦੀਆਂ ਕਬਰਾਂ ਵਿੱਚ ਨਾ ਦੱਬਿਆ
26 ੨੬ ਅਤੇ ਉਹ ਦੇ ਵਿਰੁੱਧ ਮਤਾ ਪਕਾਉਣ ਵਾਲੇ ਇਹ ਹਨ, ਅੰਮੋਨਣ ਸ਼ਿਮਆਥ ਦਾ ਪੁੱਤਰ ਜ਼ਾਬਾਦ, ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ
27 ੨੭ ਹੁਣ ਰਹੇ ਉਹ ਦੇ ਪੁੱਤਰ ਅਤੇ ਉਹ ਵੱਡੇ ਭਾਰ ਜਿਹੜੇ ਉਸ ਉੱਤੇ ਰੱਖੇ ਗਏ ਅਤੇ ਪਰਮੇਸ਼ੁਰ ਦੇ ਭਵਨ ਦਾ ਦੂਜੀ ਵਾਰ ਬਣਾਉਣਾ, ਸੋ ਵੇਖੋ, ਇਹ ਸਭ ਕੁਝ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੈ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ।