< 2 ਇਤਿਹਾਸ 11 >
1 ੧ ਜਦ ਰਹਬੁਆਮ ਯਰੂਸ਼ਲਮ ਵਿੱਚ ਆ ਗਿਆ ਤਦ ਉਸ ਨੇ ਇਸਰਾਏਲ ਨਾਲ ਲੜਨ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆਂ ਵਿੱਚੋਂ ਇੱਕ ਲੱਖ ਅੱਸੀ ਹਜ਼ਾਰ ਯੁੱਧ ਦੇ ਚੁਣਵੇਂ ਸੂਰਮੇ ਇਕੱਠੇ ਕੀਤੇ ਤਾਂ ਜੋ ਉਹ ਫੇਰ ਰਾਜ ਨੂੰ ਰਹਬੁਆਮ ਦੇ ਲਈ ਮੋੜ ਲੈਣ
2 ੨ ਪਰ ਯਹੋਵਾਹ ਦਾ ਬਚਨ ਪਰਮੇਸ਼ੁਰ ਦੇ ਭਗਤ ਸ਼ਮਅਯਾਹ ਨੂੰ ਆਇਆ
3 ੩ ਕਿ ਯਹੂਦਾਹ ਦੇ ਪਾਤਸ਼ਾਹ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਸਾਰੇ ਇਸਰਾਏਲ ਨੂੰ ਜੋ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਨ ਆਖ ਕਿ
4 ੪ ਯਹੋਵਾਹ ਐਉਂ ਫਰਮਾਉਂਦਾ ਹੈ ਕਿ ਤੁਸੀਂ ਚੜਾਈ ਨਾ ਕਰਨਾ, ਨਾ ਆਪਣੇ ਭਰਾਵਾਂ ਦੇ ਨਾਲ ਲੜਨਾ। ਤੁਸੀਂ ਆਪੋ ਆਪਣੇ ਘਰਾਂ ਨੂੰ ਮੁੜ ਜਾਓ ਕਿਉਂ ਜੋ ਇਹ ਗੱਲ ਮੇਰੀ ਵੱਲੋਂ ਹੈ ਤਾਂ ਉਨ੍ਹਾਂ ਨੇ ਯਹੋਵਾਹ ਦੀਆਂ ਗੱਲਾਂ ਮੰਨ ਲਈਆਂ ਅਤੇ ਯਾਰਾਬੁਆਮ ਉੱਤੇ ਚੜ੍ਹਾਈ ਕੀਤੇ ਬਿਨ੍ਹਾਂ ਮੁੜ ਗਏ।
5 ੫ ਅਤੇ ਰਹਬੁਆਮ ਯਰੂਸ਼ਲਮ ਵਿੱਚ ਰਹਿਣ ਲੱਗ ਪਿਆ ਅਤੇ ਉਸ ਨੇ ਯਹੂਦਾਹ ਵਿੱਚ ਰੱਖਿਆ ਲਈ ਸ਼ਹਿਰ ਬਣਾਏ
6 ੬ ਸੋ ਉਸ ਨੇ ਬੈਤਲਹਮ, ਏਟਾਮ, ਤਕੋਆਹ
7 ੭ ਬੈਤ ਸੂਰ, ਸੋਕੋਹ, ਅਦੁੱਲਾਮ,
8 ੮ ਗਥ, ਮਾਰੇਸ਼ਾਹ, ਜ਼ੀਫ,
9 ੯ ਅਦੋਰਇਮ, ਲਾਕੀਸ਼, ਅਜ਼ੇਕਾਹ,
10 ੧੦ ਸਾਰਾਹ, ਅੱਯਾਲੋਨ ਅਤੇ ਹਬਰੋਨ ਨੂੰ ਜੋ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਨ ਗੜ੍ਹਾਂ ਵਾਲੇ ਸ਼ਹਿਰ ਬਣਾਏ
11 ੧੧ ਅਤੇ ਉਸ ਨੇ ਗੜ੍ਹਾਂ ਨੂੰ ਪੱਕਾ ਕੀਤਾ ਅਤੇ ਉਨ੍ਹਾਂ ਵਿੱਚ ਹਾਕਮਾਂ ਨੂੰ ਨਿਯੁਕਤ ਕੀਤਾ ਅਤੇ ਰਸਦ ਅਤੇ ਤੇਲ ਅਤੇ ਮੈ ਦੇ ਭੰਡਾਰ ਰੱਖੇ
12 ੧੨ ਅਤੇ ਇੱਕ-ਇੱਕ ਸ਼ਹਿਰ ਵਿੱਚ ਢਾਲਾਂ ਅਤੇ ਭਾਲੇ ਰਖਵਾ ਕੇ ਉਨ੍ਹਾਂ ਨੂੰ ਬਹੁਤ ਹੀ ਪੱਕਾ ਕਰ ਦਿੱਤਾ ਅਤੇ ਯਹੂਦਾਹ ਅਤੇ ਬਿਨਯਾਮੀਨ ਉਸ ਲਈ ਰਹਿ ਗਏ।
13 ੧੩ ਤਾਂ ਜਾਜਕ ਅਤੇ ਲੇਵੀ ਜੋ ਸਾਰੇ ਇਸਰਾਏਲ ਵਿੱਚ ਸਨ ਆਪੋ-ਆਪਣੀ ਸਰਹੱਦ ਤੋਂ ਉੱਠ ਕੇ ਉਸ ਦੇ ਕੋਲ ਆ ਗਏ
14 ੧੪ ਕਿਉਂ ਜੋ ਲੇਵੀ ਆਪਣੀ ਸ਼ਾਮਲਾਟ ਅਤੇ ਮਲਕੀਅਤਾਂ ਨੂੰ ਛੱਡ ਕੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆਏ, ਇਸ ਲਈ ਜੋ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ ਤਾਂ ਜੋ ਉਹ ਯਹੋਵਾਹ ਦੇ ਸਨਮੁਖ ਜਾਜਕਾਈ ਦੀ ਸੇਵਾ ਨਾ ਕਰ ਸਕਣ
15 ੧੫ ਅਤੇ ਉਸ ਆਪਣੀ ਵੱਲੋਂ ਉੱਚੇ ਸਥਾਨਾਂ, ਬੱਕਰਿਆਂ ਅਤੇ ਆਪਣੇ ਬਣਾਏ ਹੋਏ ਵੱਛਿਆਂ ਲਈ ਜਾਜਕ ਨਿਯੁਕਤ ਕੀਤੇ
16 ੧੬ ਅਤੇ ਉਨ੍ਹਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਸੀ, ਯਰੂਸ਼ਲਮ ਵਿੱਚ ਆਏ ਕਿ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਅੱਗੇ ਭੇਟ ਚੜਾਉਣ
17 ੧੭ ਸੋ ਉਨ੍ਹਾਂ ਨੇ ਯਹੂਦਾਹ ਦੇ ਰਾਜੇ ਨੂੰ ਪੱਕਾ ਬਣਾ ਦਿੱਤਾ ਅਤੇ ਤਿੰਨ ਸਾਲ ਤੱਕ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਬਲਵਾਨ ਬਣਾ ਰੱਖਿਆ ਕਿਉਂ ਜੋ ਉਹ ਤਿੰਨ ਸਾਲ ਦਾਊਦ ਅਤੇ ਸੁਲੇਮਾਨ ਦੇ ਰਾਹ ਉੱਤੇ ਤੁਰਦੇ ਰਹੇ।
18 ੧੮ ਅਤੇ ਰਹਬੁਆਮ ਨੇ ਦਾਊਦ ਦੇ ਪੁੱਤਰ ਯਰੀਮੋਥ ਦੀ ਅਤੇ ਯੱਸੀ ਦੇ ਪੁੱਤਰ ਅਲੀਆਬ ਦੀ ਧੀ ਅਬੀਹੈਲ ਦੀ ਧੀ ਮਹਲਥ ਨੂੰ ਵਿਆਹ ਲਿਆ
19 ੧੯ ਉਹ ਦੇ ਉਸ ਵਿੱਚੋਂ ਪੁੱਤਰ ਜੰਮੇ ਅਰਥਾਤ ਯਊਸ਼, ਸ਼ਮਰਯਾਹ ਅਤੇ ਜ਼ਾਹਮ
20 ੨੦ ਉਸ ਦੇ ਮਗਰੋਂ ਉਹ ਨੇ ਅਬਸ਼ਾਲੋਮ ਦੀ ਧੀ ਮਅਕਾਹ ਨੂੰ ਵਿਆਹ ਲਿਆ ਜਿਸ ਵਿੱਚੋਂ ਉਹ ਦੇ ਅਬਿਯਾਹ, ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਜੰਮੇ
21 ੨੧ ਅਤੇ ਰਹਬੁਆਮ ਅਬਸ਼ਾਲੋਮ ਦੀ ਧੀ ਮਅਕਾਹ ਨੂੰ ਆਪਣੀਆਂ ਸਾਰੀਆਂ ਰਾਣੀਆਂ ਅਤੇ ਰਖ਼ੈਲਾਂ ਨਾਲੋਂ ਜਿਆਦਾ ਪਿਆਰ ਕਰਦਾ ਸੀ ਕਿਉਂ ਜੋ ਉਸ ਦੀਆਂ ਅਠਾਰਾਂ ਰਾਣੀਆਂ ਅਤੇ ਸੱਠ ਰਖ਼ੈਲਾਂ ਸਨ ਅਤੇ ਉਨ੍ਹਾਂ ਵਿੱਚੋਂ ਉਸ ਦੇ ਅਠਾਈ ਪੁੱਤਰ ਅਤੇ ਸੱਠ ਧੀਆਂ ਜੰਮੀਆਂ
22 ੨੨ ਅਤੇ ਰਹਬੁਆਮ ਨੇ ਮਅਕਾਹ ਦੇ ਪੁੱਤਰ ਅਬਿਯਾਹ ਨੂੰ ਮੁਖੀਆ ਨਿਯੁਕਤ ਕੀਤਾ ਤਾਂ ਜੋ ਆਪਣੇ ਭਰਾਵਾਂ ਵਿੱਚ ਹਾਕਮ ਬਣੇ ਕਿਉਂ ਜੋ ਉਸ ਦਾ ਇਰਾਦਾ ਉਸ ਨੂੰ ਪਾਤਸ਼ਾਹ ਬਣਾਉਣ ਦਾ ਸੀ
23 ੨੩ ਅਤੇ ਉਸ ਨੇ ਸਿਆਣਪ ਕੀਤੀ ਅਤੇ ਆਪਣੇ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੱਖੋ-ਵੱਖ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਹੁਤ ਰਸਦ ਦਿੱਤੀ ਅਤੇ ਉਨ੍ਹਾਂ ਲਈ ਬਹੁਤ ਸਾਰੀਆਂ ਵਹੁਟੀਆਂ ਮੰਗੀਆਂ।