< 2 ਇਤਿਹਾਸ 10 >
1 ੧ ਤਾਂ ਰਹਬੁਆਮ ਸ਼ਕਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ।
2 ੨ ਫੇਰ ਅਜਿਹਾ ਹੋਇਆ ਕਿ ਜਦ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ ਤਾਂ ਉਹ ਮਿਸਰ ਵਿੱਚ ਸੀ ਕਿਉਂ ਜੋ ਉਹ ਸੁਲੇਮਾਨ ਪਾਤਸ਼ਾਹ ਦੇ ਅੱਗੋਂ ਭੱਜ ਗਿਆ ਸੀ ਤਾਂ ਯਾਰਾਬੁਆਮ ਮਿਸਰ ਤੋਂ ਮੁੜ ਆਇਆ
3 ੩ ਅਤੇ ਉਨ੍ਹਾਂ ਨੇ ਉਸ ਨੂੰ ਸੱਦਾ ਭੇਜਿਆ ਤਾਂ ਯਾਰਾਬੁਆਮ ਅਤੇ ਸਾਰਾ ਇਸਰਾਏਲ ਆਏ ਅਤੇ ਰਹਬੁਆਮ ਨਾਲ ਗੱਲ ਕੀਤੀ
4 ੪ ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਔਖਾ ਕਰ ਰੱਖਿਆ ਸੀ ਇਸ ਲਈ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਔਖੀ ਸੇਵਾ ਅਤੇ ਉਸ ਭਾਰੀ ਜੂਲੇ ਨੂੰ ਜੋ ਉਸ ਸਾਡੇ ਉੱਤੇ ਪਾ ਰੱਖਿਆ ਸੀ ਕੁਝ ਹੌਲਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ
5 ੫ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਤਿੰਨਾਂ ਦਿਨਾਂ ਮਗਰੋਂ ਫੇਰ ਮੇਰੇ ਕੋਲ ਆਉਣਾ ਸੋ ਉਹ ਲੋਕ ਚਲੇ ਗਏ
6 ੬ ਤਦ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਬਜ਼ੁਰਗਾਂ ਨਾਲ ਜੋ ਉਸ ਦੇ ਪਿਤਾ ਸੁਲੇਮਾਨ ਦੇ ਦਰਬਾਰ ਵਿੱਚ ਉਹ ਦੇ ਜੀਉਂਦਿਆਂ ਖੜ੍ਹੇ ਰਹਿੰਦੇ ਸਨ ਸਲਾਹ ਕੀਤੀ ਅਤੇ ਆਖਿਆ, ਤੁਹਾਡੀ ਕੀ ਸਲਾਹ ਹੈ? ਮੈਂ ਇਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?
7 ੭ ਉਨ੍ਹਾਂ ਨੇ ਉਸ ਨੂੰ ਆਖਿਆ, ਜੇ ਤੁਸੀਂ ਇਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵੋ ਅਤੇ ਇਨ੍ਹਾਂ ਨੂੰ ਰਾਜ਼ੀ ਕਰੋ ਅਤੇ ਇਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦਿਓਗੇ ਤਾਂ ਉਹ ਸਦਾ ਤੁਹਾਡੀ ਸੇਵਾ ਕਰਨਗੇ
8 ੮ ਪਰ ਉਸ ਨੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਦਿੱਤਾ ਜੋ ਉਨ੍ਹਾਂ ਨੇ ਉਸ ਨੂੰ ਦਿੱਤੀ ਸੀ ਅਤੇ ਉਹਨਾਂ ਜੁਆਨਾਂ ਤੋਂ ਸਲਾਹ ਲਈ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਅਤੇ ਉਸ ਦੇ ਸਨਮੁਖ ਖੜ੍ਹੇ ਰਹਿੰਦੇ ਸਨ।
9 ੯ ਅਤੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਅਸੀਂ ਇਨ੍ਹਾਂ ਲੋਕਾਂ ਨੂੰ ਕੀ ਉੱਤਰ ਦੇਈਏ ਜਿਨ੍ਹਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਹੈ ਕਿ ਉਸ ਜੂਲੇ ਨੂੰ ਜੋ ਤੁਹਾਡੇ ਪਿਤਾ ਨੇ ਸਾਡੇ ਉੱਤੇ ਰੱਖਿਆ ਹੈ ਕੁਝ ਹੌਲਾ ਕਰੋ?
10 ੧੦ ਤਾਂ ਉਹਨਾਂ ਜੁਆਨਾਂ ਨੇ ਜੋ ਉਸ ਦੇ ਲੰਗੋਟੀਏ ਯਾਰ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਤੈਨੂੰ ਆਖਿਆ ਕਿ ਤੇਰੇ ਪਿਤਾ ਨੇ ਸਾਡੇ ਜੂਲੇ ਨੂੰ ਭਾਰੀ ਕੀਤਾ ਪਰ ਤੁਸੀਂ ਉਸ ਨੂੰ ਸਾਡੇ ਲਈ ਕੁਝ ਹੌਲਾ ਕਰੋ ਇਹ ਜਵਾਬ ਦੇ ਕਿ ਮੇਰੀ ਚੀਚੀ ਵੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ!
11 ੧੧ ਮੇਰੇ ਪਿਤਾ ਨੇ ਤਾਂ ਭਾਰੀ ਜੂਲਾ ਤੁਹਾਡੇ ਉੱਤੇ ਰੱਖਿਆ ਸੀ ਪਰ ਮੈਂ ਉਸ ਜੂਲੇ ਨੂੰ ਹੋਰ ਵੀ ਭਾਰੀ ਕਰਾਂਗਾ! ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਸੀ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ!
12 ੧੨ ਤਾਂ ਜਿਵੇਂ ਪਾਤਸ਼ਾਹ ਨੇ ਆਖਿਆ ਸੀ ਕਿ ਤੀਜੇ ਦਿਨ ਮੇਰੇ ਕੋਲ ਫੇਰ ਆਉਣਾ ਸੋ ਤੀਜੇ ਦਿਨ ਯਾਰਾਬੁਆਮ ਤੇ ਹੋਰ ਸਾਰੇ ਲੋਕ ਰਹਬੁਆਮ ਦੇ ਕੋਲ ਆਏ
13 ੧੩ ਤਦ ਪਾਤਸ਼ਾਹ ਨੇ ਉਨ੍ਹਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਰਹਬੁਆਮ ਪਾਤਸ਼ਾਹ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ
14 ੧੪ ਜੁਆਨਾਂ ਦੀ ਸਲਾਹ ਦੇ ਅਨੁਸਾਰ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰੀ ਕੀਤਾ ਪਰ ਮੈਂ ਉਸ ਨੂੰ ਹੋਰ ਵੀ ਭਾਰੀ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ
15 ੧੫ ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ ਕਿਉਂ ਜੋ ਇਹ ਪਰਮੇਸ਼ੁਰ ਵੱਲੋਂ ਹੀ ਸੀ ਤਾਂ ਜੋ ਯਹੋਵਾਹ ਉਸ ਗੱਲ ਨੂੰ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖੀ ਸੀ ਪੂਰਾ ਕਰੇ
16 ੧੬ ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਸਾਡੀ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ ਕਿ ਦਾਊਦ ਦੇ ਨਾਲ ਸਾਡਾ ਕੀ ਸ਼ਰੀਕਾ ਅਤੇ ਯੱਸੀ ਦੇ ਪੁੱਤਰ ਨਾਲ ਸਾਡਾ ਕੀ ਵੰਡ ਵਿਹਾਰ? ਹੇ ਇਸਰਾਏਲ, ਆਪੋ ਆਪਣੇ ਤੰਬੂਆਂ ਨੂੰ ਚੱਲੇ ਜਾਓ! ਹੇ ਦਾਊਦ, ਹੁਣ ਤੂੰ ਆਪਣੇ ਹੀ ਘਰਾਣੇ ਨੂੰ ਸੰਭਾਲ! ਸੋ ਸਾਰਾ ਇਸਰਾਏਲ ਆਪੋ ਆਪਣੇ ਤੰਬੂਆਂ ਨੂੰ ਚਲਾ ਗਿਆ
17 ੧੭ ਪਰ ਉਨ੍ਹਾਂ ਇਸਰਾਏਲੀਆਂ ਉੱਤੇ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਰਹਬੁਆਮ ਰਾਜ ਕਰਦਾ ਰਿਹਾ
18 ੧੮ ਤਦ ਰਹਬੁਆਮ ਪਾਤਸ਼ਾਹ ਨੇ ਹਦੋਰਾਮ ਨੂੰ ਭੇਜਿਆ ਜੋ ਬੇਗ਼ਾਰੀਆਂ ਉੱਤੇ ਸੀ, ਪਰ ਇਸਰਾਏਲੀਆਂ ਨੇ ਉਸ ਨੂੰ ਪੱਥਰਾਂ ਨਾਲ ਪਥਰਾਉ ਕੀਤਾ ਅਤੇ ਉਹ ਮਰ ਗਿਆ। ਤਦ ਰਹਬੁਆਮ ਨੇ ਯਰੂਸ਼ਲਮ ਵੱਲ ਭੱਜ ਜਾਣ ਲਈ ਛੇਤੀ ਕੀਤੀ ਅਤੇ ਆਪਣੇ ਰਥ ਉੱਤੇ ਚੜ੍ਹ ਗਿਆ
19 ੧੯ ਸੋ ਇਸਰਾਏਲ ਅੱਜ ਦੇ ਦਿਨ ਤੱਕ ਦਾਊਦ ਦੇ ਘਰਾਣੇ ਤੋਂ ਆਕੀ ਹੈ।