< 1 ਥੱਸਲੁਨੀਕੀਆ ਨੂੰ 4 >
1 ੧ ਮੁੱਕਦੀ ਗੱਲ, ਹੇ ਭਰਾਵੋ, ਅਸੀਂ ਪ੍ਰਭੂ ਯਿਸੂ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਆਗਿਆ ਦਿੰਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਕਿ ਕਿਹੋ ਜਿਹਾ ਚਾਲ-ਚੱਲਣ ਸਾਨੂੰ ਚੱਲਣਾ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ - ਜਿਵੇਂ ਤੁਸੀਂ ਚੱਲਦੇ ਵੀ ਹੋ - ਸੋ ਇਸ ਵਿੱਚ ਹੋਰ ਵੀ ਵਧਦੇ ਜਾਵੋ।
2 ੨ ਕਿਉਂਕਿ ਤੁਸੀਂ ਜਾਣਦੇ ਹੋ ਜੋ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਵੱਲੋਂ ਕੀ-ਕੀ ਹੁਕਮ ਦਿੱਤੇ।
3 ੩ ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਹੋਵੋ ਅਤੇ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ।
4 ੪ ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਪਤਨੀ ਨੂੰ ਪਵਿੱਤਰਤਾਈ ਅਤੇ ਆਦਰ ਨਾਲ ਪ੍ਰਾਪਤ ਕਰਨਾ ਜਾਣੇ।
5 ੫ ਨਾ ਕਾਮ-ਵਾਸਨਾ ਨਾਲ, ਪਰਾਈਆਂ ਕੌਮਾਂ ਦੀ ਤਰ੍ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ।
6 ੬ ਅਤੇ ਕੋਈ ਇਸ ਗੱਲ ਵਿੱਚ ਅਪਰਾਧੀ ਨਾ ਹੋਵੇ, ਨਾ ਆਪਣੇ ਭਰਾ ਨਾਲ ਧੋਖਾ ਕਰੇ ਕਿਉਂ ਜੋ ਪ੍ਰਭੂ ਇਨ੍ਹਾਂ ਸਭਨਾਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ ਜਿਵੇਂ ਅਸੀਂ ਅੱਗੇ ਵੀ ਤੁਹਾਨੂੰ ਆਖਿਆ ਅਤੇ ਚਿਤਾਵਨੀ ਦਿੱਤੀ ਸੀ।
7 ੭ ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ।
8 ੮ ਇਸ ਕਾਰਨ ਜੋ ਕੋਈ ਇਸ ਸਿੱਖਿਆ ਨੂੰ ਤੁੱਛ ਜਾਣਦਾ ਹੈ, ਉਹ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਤੁੱਛ ਜਾਣਦਾ ਹੈ, ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ।
9 ੯ ਪਰ ਭਾਈਚਾਰੇ ਦੇ ਪਿਆਰ ਦੇ ਬਾਰੇ ਤੁਹਾਨੂੰ ਕੁਝ ਲਿਖਣ ਦੀ ਲੋੜ ਨਹੀਂ ਕਿਉਂ ਜੋ ਤੁਸੀਂ ਆਪ ਇੱਕ ਦੂਜੇ ਨਾਲ ਪਿਆਰ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹੋ।
10 ੧੦ ਤੁਸੀਂ ਤਾਂ ਉਨ੍ਹਾਂ ਸਾਰੇ ਭਰਾਵਾਂ ਨਾਲ ਜਿਹੜੇ ਸਾਰੇ ਮਕਦੂਨਿਯਾ ਵਿੱਚ ਹਨ, ਅਜਿਹਾ ਹੀ ਕਰਦੇ ਵੀ ਹੋ। ਪਰ ਹੇ ਭਰਾਵੋ, ਅਸੀਂ ਤੁਹਾਨੂੰ ਆਖਦੇ ਹਾਂ ਕਿ ਤੁਸੀਂ ਹੋਰ ਵੀ ਵੱਧਦੇ ਜਾਓ।
11 ੧੧ ਅਤੇ ਜਿਵੇਂ ਅਸੀਂ ਤੁਹਾਨੂੰ ਹੁਕਮ ਦਿੱਤਾ ਸੀ ਤੁਸੀਂ ਚੁੱਪ-ਚਾਪ ਰਹਿਣਾ ਅਤੇ ਆਪੋ ਆਪਣੇ ਕੰਮ-ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰੋ।
12 ੧੨ ਕਿ ਤੁਸੀਂ ਬਾਹਰਲਿਆਂ ਲੋਕਾਂ ਦੇ ਸਾਹਮਣੇ ਸਦਭਾਵਨਾ ਨਾਲ ਚਲੋ ਤਾਂ ਜੋ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ।
13 ੧੩ ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ, ਤੁਸੀਂ ਪਰਾਈਆਂ ਕੌਮਾਂ ਦੀ ਤਰ੍ਹਾਂ ਸੋਗ ਕਰੋ, ਜਿਨ੍ਹਾਂ ਨੂੰ ਕੋਈ ਆਸ ਨਹੀਂ।
14 ੧੪ ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ।
15 ੧੫ ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਕਿ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਜਿਉਂਦੇ ਰਹਿੰਦੇ ਹਾਂ, ਉਹਨਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ।
16 ੧੬ ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ।
17 ੧੭ ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ, ਬੱਦਲਾਂ ਉੱਤੇ ਅਚਾਨਕ ਉੱਠਾਏ ਜਾਂਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ।
18 ੧੮ ਸੋ ਤੁਸੀਂ ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦੇਵੋ।