< 1 ਸਮੂਏਲ 4 >
1 ੧ ਸਮੂਏਲ ਦੀ ਗੱਲ ਸਾਰੇ ਇਸਰਾਏਲ ਵਿੱਚ ਫੈਲ ਗਈ। ਇਸਰਾਏਲੀ ਫ਼ਲਿਸਤੀਆਂ ਨਾਲ ਲੜਨ ਨੂੰ ਨਿੱਕਲੇ ਅਤੇ ਅਬੇਨੇਜ਼ਰ ਜਗਾ ਦੇ ਨੇੜੇ ਤੰਬੂ ਲਾਏ ਅਤੇ ਫ਼ਲਿਸਤੀਆਂ ਨੇ ਅਫੇਕ ਵਿੱਚ ਤੰਬੂ ਲਾਏ।
2 ੨ ਤਦ ਫ਼ਲਿਸਤੀਆਂ ਨੇ ਇਸਰਾਏਲ ਦਾ ਸਾਹਮਣਾ ਕਰਨ ਨੂੰ ਆਪਣੀ ਕਤਾਰ ਬੰਨ੍ਹੀ ਅਤੇ ਜਦੋਂ ਲੜਾਈ ਵੱਧ ਗਈ ਤਾਂ ਇਸਰਾਏਲੀ ਫ਼ਲਿਸਤੀਆਂ ਤੋਂ ਹਾਰ ਗਏ ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਫ਼ੌਜ ਵਿੱਚੋਂ ਜੋ ਮੈਦਾਨ ਵਿੱਚ ਸੀ, ਚਾਰ ਹਜ਼ਾਰ ਦੇ ਲੱਗਭੱਗ ਮਨੁੱਖ ਵੱਢ ਸੁੱਟੇ।
3 ੩ ਜਦ ਲੋਕ ਛਾਉਣੀ ਵਿੱਚ ਮੁੜ ਆਏ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, ਯਹੋਵਾਹ ਨੇ ਸਾਨੂੰ ਫ਼ਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ? ਆਓ, ਅਸੀਂ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ ਕਿ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ।
4 ੪ ਸੋ ਉਹਨਾਂ ਨੇ ਸ਼ੀਲੋਹ ਵਿੱਚ ਲੋਕ ਭੇਜੇ ਜੋ ਸੈਨਾਵਾਂ ਦੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ, ਜੋ ਦੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉੱਥੋਂ ਲੈ ਆਉਣ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਕੋਲ ਉੱਥੇ ਸਨ।
5 ੫ ਅਤੇ ਜਿਸ ਵੇਲੇ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਆ ਪਹੁੰਚਿਆ ਤਦ ਸਾਰੇ ਇਸਰਾਏਲ ਨੇ ਵੱਡੀ ਅਵਾਜ਼ ਨਾਲ ਜੈਕਾਰਾ ਬੁਲਾਇਆ, ਜਿਸ ਨਾਲ ਧਰਤੀ ਕੰਬ ਉੱਠੀ।
6 ੬ ਜਦ ਫ਼ਲਿਸਤੀਆਂ ਨੇ ਜੈਕਾਰੇ ਦੀ ਅਵਾਜ਼ ਸੁਣੀ ਤਾਂ ਬੋਲੇ, ਇਨ੍ਹਾਂ ਇਬਰਾਨੀਆਂ ਦੀ ਛਾਉਣੀ ਵਿੱਚ ਇਹ ਜੈਕਾਰੇ ਦੀ ਕਿਹੋ ਜਿਹੀ ਅਵਾਜ਼ ਹੈ? ਫੇਰ ਉਨ੍ਹਾਂ ਨੇ ਜਾਣਿਆ ਕਿ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਪਹੁੰਚ ਗਿਆ ਹੈ।
7 ੭ ਤਦ ਫ਼ਲਿਸਤੀ ਡਰ ਗਏ ਕਿਉਂ ਜੋ ਉਨ੍ਹਾਂ ਨੇ ਆਖਿਆ, ਪਰਮੇਸ਼ੁਰ ਛਾਉਣੀ ਵਿੱਚ ਆ ਗਿਆ ਹੈ! ਅਤੇ ਬੋਲੇ, ਸਾਡੇ ਉੱਤੇ ਹਾਏ! ਕਿਉਂ ਜੋ ਅੱਜ ਤੋਂ ਪਹਿਲਾਂ ਅਜਿਹੀ ਗੱਲ ਕਦੀ ਨਹੀਂ ਹੋਈ।
8 ੮ ਹਾਏ! ਅਜਿਹੇ ਬਲਵੰਤ ਪਰਮੇਸ਼ੁਰ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ? ਇਹ ਉਹ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ ਸੀ।
9 ੯ ਹੇ ਫ਼ਲਿਸਤੀਓ, ਤੁਸੀਂ ਤਕੜੇ ਹੋਵੇ ਅਤੇ ਮਰਦ ਬਣੋ ਜੋ ਤੁਸੀਂ ਇਬਰਾਨੀਆਂ ਦੇ ਗ਼ੁਲਾਮ ਨਾ ਬਣੋ ਜਿਵੇਂ ਉਹ ਤੁਹਾਡੇ ਗ਼ੁਲਾਮ ਬਣੇ ਸਨ, ਸਗੋਂ ਮਰਦ ਬਣੋ ਅਤੇ ਲੜੋ!
10 ੧੦ ਸੋ ਫ਼ਲਿਸਤੀ ਲੜੇ ਅਤੇ ਇਸਰਾਏਲ ਉਹਨਾਂ ਤੋਂ ਹਾਰ ਗਿਆ ਅਤੇ ਉਹ ਆਪੋ ਆਪਣੇ ਤੰਬੂਆਂ ਵੱਲ ਨੱਠੇ ਅਤੇ ਉੱਥੇ ਬਹੁਤ ਲੜਾਈ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ,
11 ੧੧ ਪਰਮੇਸ਼ੁਰ ਦਾ ਸੰਦੂਕ ਖੋਹ ਲਿਆ ਗਿਆ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਮਾਰੇ ਗਏ।
12 ੧੨ ਤਦ ਬਿਨਯਾਮੀਨ ਦਾ ਇੱਕ ਮਨੁੱਖ ਫ਼ੌਜ ਦੇ ਵਿੱਚੋਂ ਨੱਠਾ ਅਤੇ ਆਪਣੇ ਕੱਪੜੇ ਪਾੜੇ ਹੋਏ ਅਤੇ ਸਿਰ ਵਿੱਚ ਮਿੱਟੀ ਪਾਈ ਹੋਈ ਉਸੇ ਦਿਨ ਸ਼ੀਲੋਹ ਵਿੱਚ ਆਇਆ।
13 ੧੩ ਜਦ ਉਹ ਆਇਆ ਤਾਂ ਵੇਖੋ, ਏਲੀ ਸੜਕ ਦੇ ਇੱਕ ਪਾਸੇ ਇੱਕ ਚੌਂਕੀ ਉੱਤੇ ਬੈਠ ਕੇ ਰਾਹ ਵੇਖਦਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਕੰਬਦਾ ਸੀ ਅਤੇ ਜਿਸ ਵੇਲੇ ਉਸ ਮਨੁੱਖ ਨੇ ਸ਼ਹਿਰ ਵਿੱਚ ਆ ਕੇ ਸੁਨੇਹਾ ਦਿੱਤਾ ਤਾਂ ਸਾਰਾ ਸ਼ਹਿਰ ਰੋਣ-ਪਿੱਟਣ ਲੱਗਾ।
14 ੧੪ ਜਦ ਵਿਰਲਾਪ ਦੀ ਅਵਾਜ਼ ਏਲੀ ਨੇ ਸੁਣੀ ਤਾਂ ਉਹ ਨੇ ਆਖਿਆ, ਇਹ ਕਿਹੋ ਜਿਹਾ ਰੌਲ਼ਾ ਪੈ ਗਿਆ? ਅਤੇ ਉਸ ਮਨੁੱਖ ਨੇ ਛੇਤੀ ਨਾਲ ਏਲੀ ਨੂੰ ਆਣ ਕੇ ਖ਼ਬਰ ਦਿੱਤੀ।
15 ੧੫ ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਹ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ।
16 ੧੬ ਸੋ ਉਸ ਮਨੁੱਖ ਨੇ ਏਲੀ ਨੂੰ ਆਖਿਆ, ਮੈਂ ਫ਼ੌਜ ਤੋਂ ਆਇਆ ਹਾਂ ਅਤੇ ਮੈਂ ਅੱਜ ਫ਼ੌਜ ਦੇ ਵਿੱਚੋਂ ਭੱਜ ਕੇ ਆਇਆ ਹਾਂ। ਉਹ ਬੋਲਿਆ, ਹੇ ਮੇਰੇ ਪੁੱਤਰ, ਕੀ ਖ਼ਬਰ ਹੈ?
17 ੧੭ ਉਸ ਨੇ ਉੱਤਰ ਦੇ ਕੇ ਆਖਿਆ, ਇਸਰਾਏਲ ਨੇ ਫ਼ਲਿਸਤੀਆਂ ਦੇ ਅੱਗੋਂ ਹਾਰ ਖਾਧੀ ਅਤੇ ਲੋਕਾਂ ਵਿੱਚ ਵੱਡੀ ਵਾਢ ਹੋਈ ਅਤੇ ਤੇਰੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਮਾਰੇ ਗਏ ਅਤੇ ਪਰਮੇਸ਼ੁਰ ਦਾ ਸੰਦੂਕ ਹੱਥੋਂ ਨਿੱਕਲ ਗਿਆ।
18 ੧੮ ਤਦ ਅਜਿਹਾ ਹੋਇਆ ਕਿ ਜਿਸ ਵੇਲੇ ਉਹ ਨੇ ਪਰਮੇਸ਼ੁਰ ਦੇ ਸੰਦੂਕ ਦੀ ਗੱਲ ਸੁਣਾਈ ਤਾਂ ਉਹ ਚੌਂਕੀ ਉੱਤੋਂ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਹ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂ ਜੋ ਉਹ ਵੱਡੀ ਉਮਰ ਦਾ ਅਤੇ ਭਾਰਾ ਵੀ ਸੀ ਅਤੇ ਉਹ ਚਾਲ੍ਹੀ ਸਾਲ ਤੱਕ ਇਸਰਾਏਲ ਦਾ ਨਿਆਂ ਕਰਦਾ ਰਿਹਾ।
19 ੧੯ ਉਸ ਦੀ ਨੂੰਹ ਫ਼ੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਉਹ ਦੇ ਜਣਨ ਦਾ ਵੇਲਾ ਨੇੜੇ ਸੀ ਜਦ ਉਹ ਨੇ ਇਹ ਗੱਲਾਂ ਸੁਣੀਆਂ ਕਿ ਪਰਮੇਸ਼ੁਰ ਦਾ ਸੰਦੂਕ ਹੱਥੋਂ ਨਿੱਕਲ ਗਿਆ ਹੈ ਅਤੇ ਤੇਰਾ ਸਹੁਰਾ ਅਤੇ ਪਤੀ ਮਰ ਗਏ ਹਨ ਤਾਂ ਉਹ ਨੂੰ ਜਣਨ ਦੀਆਂ ਪੀੜ੍ਹਾਂ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ।
20 ੨੦ ਅਤੇ ਉਹ ਦੇ ਮਰਨ ਦੇ ਵੇਲੇ ਉਨ੍ਹਾਂ ਇਸਤਰੀਆਂ ਨੇ ਜੋ ਉੱਥੇ ਸਨ ਉਹ ਨੂੰ ਆਖਿਆ, ਡਰ ਨਾ ਕਿਉਂ ਜੋ ਤੂੰ ਪੁੱਤਰ ਨੂੰ ਜਨਮ ਦਿੱਤਾ ਹੈ ਪਰ ਉਹ ਨੇ ਉੱਤਰ ਨਾ ਦਿੱਤਾ ਸਗੋਂ ਧਿਆਨ ਵੀ ਨਾ ਕੀਤਾ।
21 ੨੧ ਉਹ ਨੇ ਉਸ ਮੁੰਡੇ ਦਾ ਨਾਮ ਈਕਾਬੋਦ ਰੱਖਿਆ ਅਤੇ ਕਿਹਾ, ਇਸਰਾਏਲ ਤੋਂ ਪਰਤਾਪ ਜਾਂਦਾ ਰਿਹਾ, ਪਰਮੇਸ਼ੁਰ ਦਾ ਸੰਦੂਕ ਖੁੱਸ ਜੋ ਗਿਆ ਅਤੇ ਉਹ ਦੇ ਸਹੁਰੇ ਅਤੇ ਪਤੀ ਦੇ ਕਾਰਨ ਵੀ।
22 ੨੨ ਅਤੇ ਉਹ ਬੋਲੀ, ਇਸਰਾਏਲ ਦਾ ਪਰਤਾਪ ਜਾਂਦਾ ਰਿਹਾ ਕਿਉਂ ਜੋ ਪਰਮੇਸ਼ੁਰ ਦਾ ਸੰਦੂਕ ਖੋਹ ਲਿਆ ਗਿਆ।