< 1 ਸਮੂਏਲ 30 >
1 ੧ ਜਦ ਦਾਊਦ ਆਪਣੇ ਸਾਥੀਆਂ ਨਾਲ ਤੀਜੇ ਦਿਨ ਸਿਕਲਗ ਵਿੱਚ ਪਹੁੰਚਿਆ, ਤਦ ਅਮਾਲੇਕੀਆਂ ਨੇ ਦੱਖਣੀ ਦੇਸ ਅਤੇ ਸਿਕਲਗ ਉੱਤੇ ਹਮਲਾ ਕੀਤਾ, ਅਤੇ ਸਿਕਲਗ ਨੂੰ ਮਾਰਿਆ ਅਤੇ ਉਹ ਨੂੰ ਸਾੜ ਸੁੱਟਿਆ।
2 ੨ ਅਤੇ ਜਿਹੜੀਆਂ ਇਸਤਰੀਆਂ ਉੱਥੇ ਸਨ ਉਹਨਾਂ ਨੂੰ ਅਤੇ ਜਿੰਨ੍ਹੇ ਵੀ ਨਿੱਕੇ ਵੱਡੇ ਸਨ ਸਾਰਿਆਂ ਨੂੰ ਗ਼ੁਲਾਮ ਬਣਾ ਲਿਆ। ਪਰ ਕਿਸੇ ਨੂੰ ਮਾਰਿਆ ਨਹੀਂ ਸਗੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਚੱਲ ਪਏ।
3 ੩ ਜਦ ਦਾਊਦ ਅਤੇ ਉਸ ਦੇ ਸਾਥੀ ਸ਼ਹਿਰ ਵਿੱਚ ਵੜੇ ਤਾਂ ਵੇਖੋ, ਉਹ ਅੱਗ ਨਾਲ ਸੜਿਆ ਪਿਆ ਸੀ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਉਨ੍ਹਾਂ ਦੇ ਪੁੱਤਰ ਅਤੇ ਧੀਆਂ ਸਾਰੇ ਗ਼ੁਲਾਮ ਹੋ ਗਏ ਸਨ।
4 ੪ ਤਦ ਦਾਊਦ ਅਤੇ ਉਹ ਦੇ ਨਾਲ ਦੇ ਲੋਕ ਉੱਚੀ ਅਵਾਜ਼ ਨਾਲ ਅਜਿਹਾ ਰੋਏ ਜੋ ਹੋਰ ਰੋਣ ਦਾ ਉਨ੍ਹਾਂ ਵਿੱਚ ਜ਼ੋਰ ਨਾ ਰਿਹਾ।
5 ੫ ਦਾਊਦ ਦੀਆਂ ਦੋਵੇਂ ਪਤਨੀਆਂ, ਯਿਜ਼ਰਾਏਲੀ ਅਹੀਨੋਅਮ ਅਤੇ ਅਬੀਗੈਲ ਵੀ ਜੋ ਅੱਗੇ ਕਰਮਲੀ ਨਾਬਾਲ ਦੀ ਇਸਤਰੀ ਸੀ, ਗ਼ੁਲਾਮ ਬਣ ਗਈਆਂ ਸਨ।
6 ੬ ਦਾਊਦ ਵੱਡੇ ਸੰਕਟ ਵਿੱਚ ਪਿਆ ਕਿਉਂ ਜੋ ਲੋਕ ਉਹ ਨੂੰ ਵੱਟੇ ਮਾਰਨ ਦੀ ਯੋਜਨਾ ਬਣਾ ਰਹੇ ਸਨ ਇਸ ਲਈ ਜੋ ਸੱਭੇ ਆਪੋ ਆਪਣੇ ਪੁੱਤਰਾਂ ਧੀਆਂ ਵੱਲੋਂ ਬਹੁਤ ਦੁਖੀ ਸਨ। ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਕਰ ਆਪਣੇ ਆਪ ਨੂੰ ਤਕੜਾ ਕੀਤਾ
7 ੭ ਅਤੇ ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਨਾ ਜੋ ਐਥੇ ਮੇਰੇ ਕੋਲ ਏਫੋਦ ਲੈ ਆ। ਸੋ ਅਬਯਾਥਾਰ ਉੱਥੇ ਦਾਊਦ ਕੋਲ ਏਫ਼ੋਦ ਲੈ ਆਇਆ
8 ੮ ਤਾਂ ਦਾਊਦ ਨੇ ਯਹੋਵਾਹ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਲ ਦਾ ਪਿੱਛਾ ਕਰਨ ਜਾਂਵਾਂ ਕਿ ਨਹੀਂ? ਕੀ ਮੈਂ ਉਨ੍ਹਾਂ ਕੋਲ ਪਹੁੰਚਾਂਗਾ ਜਾਂ ਨਹੀਂ? ਉਸ ਨੇ ਉੱਤਰ ਦਿੱਤਾ, ਪਿੱਛਾ ਕਰ ਕਿਉਂ ਜੋ ਜ਼ਰੂਰ ਤੂੰ ਉਨ੍ਹਾਂ ਕੋਲ ਪਹੁੰਚੇਗਾ ਅਤੇ ਨਿਸੰਗ ਤੂੰ ਉਨ੍ਹਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ।
9 ੯ ਸੋ ਦਾਊਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਬਸੋਰ ਦੇ ਨਾਲੇ ਤੱਕ ਆਏ, ਅਤੇ ਉਹ ਜੋ ਪਿੱਛੇ ਛੱਡੇ ਗਏ ਸੋ ਉੱਥੇ ਹੀ ਰਹੇ।
10 ੧੦ ਪਰ ਦਾਊਦ ਮਗਰ ਲੱਗਾ ਰਿਹਾ ਉਹ ਅਤੇ ਚਾਰ ਸੌ ਮਨੁੱਖ ਬਾਕੀ ਜੋ ਦੋ ਸੌ ਪਿੱਛੇ ਰਹਿ ਗਏ ਸਨ ਜੋ ਅਜਿਹੇ ਥੱਕ ਗਏ ਸਨ ਕਿ ਬਸੋਰ ਦੇ ਨਾਲੇ ਦੇ ਪਾਰ ਨਾ ਲੰਘ ਸਕੇ।
11 ੧੧ ਉਨ੍ਹਾਂ ਨੂੰ ਮੈਦਾਨ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ, ਸੋ ਉਹ ਨੂੰ ਦਾਊਦ ਕੋਲ ਲੈ ਆਏ ਅਤੇ ਉਹ ਨੂੰ ਰੋਟੀ ਦਿੱਤੀ ਅਤੇ ਉਹ ਨੇ ਖਾਧੀ ਅਤੇ ਉਹ ਨੂੰ ਪਾਣੀ ਵੀ ਪਿਲਾਇਆ।
12 ੧੨ ਨਾਲੇ ਉਨ੍ਹਾਂ ਨੇ ਇੱਕ ਹੰਜ਼ੀਰ ਦੀ ਪਿੰਨੀ ਅਤੇ ਦੋ ਗੁੱਛੇ ਸੌਗੀ ਦੇ ਉਹ ਨੂੰ ਦਿੱਤੇ ਅਤੇ ਜਦ ਉਹ ਨੇ ਖਾਧੇ ਤਾਂ ਉਹ ਦੇ ਵਿੱਚ ਜਾਨ ਆ ਗਈ ਕਿਉਂ ਜੋ ਉਹ ਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੋਂ ਨਾ ਰੋਟੀ ਖਾਧੀ, ਨਾ ਹੀ ਪਾਣੀ ਪੀਤਾ ਸੀ।
13 ੧੩ ਤਦ ਦਾਊਦ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਬੰਦਾ ਹੈਂ ਅਤੇ ਤੂੰ ਕਿੱਥੋਂ ਦਾ ਹੈ? ਉਹ ਬੋਲਿਆ, ਜੀ ਮੈਂ ਇੱਕ ਮਿਸਰੀ ਜੁਆਨ ਹਾਂ ਅਤੇ ਇੱਕ ਅਮਾਲੇਕੀ ਦਾ ਸੇਵਕ ਹਾਂ ਅਤੇ ਮੇਰਾ ਮਾਲਕ ਮੈਨੂੰ ਛੱਡ ਗਿਆ ਹੈ ਕਿਉਂ ਜੋ ਤਿੰਨ ਦਿਨ ਹੋਏ ਹਨ ਤਾਂ ਮੈਂ ਬਿਮਾਰ ਪੈ ਗਿਆ।
14 ੧੪ ਅਸੀਂ ਕਰੇਤੀਆਂ ਦੇ ਦੱਖਣ ਅਤੇ ਯਹੂਦਾਹ ਦੇ ਦੇਸ ਉੱਤੇ ਅਤੇ ਕਾਲੇਬ ਦੇ ਦੱਖਣ ਉੱਤੇ ਵੀ ਲੁੱਟ ਮਾਰ ਕੀਤੀ ਸੀ ਅਤੇ ਸਿਕਲਗ ਨੂੰ ਅਸੀਂ ਅੱਗ ਨਾਲ ਸਾੜ ਸੁੱਟਿਆ।
15 ੧੫ ਤਦ ਦਾਊਦ ਨੇ ਉਹ ਨੂੰ ਆਖਿਆ, ਭਲਾ, ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈਂ? ਉਹ ਬੋਲਿਆ, ਮੇਰੇ ਨਾਲ ਪਰਮੇਸ਼ੁਰ ਦੀ ਸਹੁੰ ਚੁੱਕ ਜੋ ਤੂੰ ਮੈਨੂੰ ਜਾਨੋਂ ਨਾ ਮਾਰੇਂਗਾ ਅਤੇ ਨਾ ਮੇਰੇ ਮਾਲਕ ਦੇ ਹੱਥ ਮੈਨੂੰ ਸੌਪੇਂਗਾ ਤਾਂ ਮੈਂ ਉਹਨਾਂ ਕੋਲ ਤੈਨੂੰ ਪਹੁੰਚਾਵਾਂਗਾ।
16 ੧੬ ਜਦ ਉਹ ਉਸ ਨੂੰ ਉੱਥੇ ਲੈ ਗਿਆ ਤਾਂ ਵੇਖੋ, ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ ਅਤੇ ਉਸ ਢੇਰ ਸਾਰੀ ਲੁੱਟ ਦੇ ਕਾਰਨ ਜੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਦੇ ਦੇਸ ਵਿੱਚੋਂ ਲੁੱਟੀ ਸੀ ਖਾਂਦੇ-ਪੀਂਦੇ ਅਤੇ ਨੱਚਦੇ ਸਨ।
17 ੧੭ ਦਾਊਦ ਨੇ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਜੇ ਦਿਨ ਸ਼ਾਮ ਤੱਕ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ਸਿਰਫ਼ ਚਾਰ ਸੌ ਜੁਆਨ ਊਠਾਂ ਉੱਤੇ ਚੜ੍ਹ ਕੇ ਭੱਜ ਨਿੱਕਲੇ।
18 ੧੮ ਅਤੇ ਜੋ ਕੁਝ ਅਮਾਲੇਕੀ ਨਾਲ ਲੈ ਗਏ ਸਨ ਦਾਊਦ ਨੇ ਸਭ ਨੂੰ ਛੁਡਾ ਲਿਆ ਅਤੇ ਦਾਊਦ ਨੇ ਆਪਣੀਆਂ ਦੋਹਾਂ ਪਤਨੀਆਂ ਨੂੰ ਵੀ ਛੁਡਾਇਆ।
19 ੧੯ ਉਨ੍ਹਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਨ੍ਹਾਂ ਆਪਣੇ ਲਈ ਲੁੱਟੀ ਸੀ, ਦਾਊਦ ਨੇ ਸਭ ਕੁਝ ਮੋੜ ਲਿਆਂਦਾ।
20 ੨੦ ਅਤੇ ਦਾਊਦ ਨੇ ਸਾਰੇ ਇੱਜੜ ਅਤੇ ਡੰਗਰ ਲੈ ਲਏ ਅਤੇ ਉਨ੍ਹਾਂ ਨੂੰ ਰਹਿੰਦੇ ਡੰਗਰਾਂ ਦੇ ਅੱਗੇ ਹੱਕ ਦਿੱਤਾ ਅਤੇ ਆਖਦੇ ਸਨ ਜੋ ਇਹ ਦਾਊਦ ਦੀ ਲੁੱਟ ਹੈ।
21 ੨੧ ਦਾਊਦ ਉਨ੍ਹਾਂ ਦੋ ਸੌ ਮਨੁੱਖਾਂ ਕੋਲ ਜੋ ਥੱਕ ਕੇ ਦਾਊਦ ਦੇ ਨਾਲ ਨਹੀਂ ਜਾ ਸਕੇ, ਜਿਹੜੇ ਉਨ੍ਹਾਂ ਨੇ ਬਸੋਰ ਦੇ ਨਾਲੇ ਕੋਲ ਹੀ ਰਹਿਣ ਦਿੱਤੇ ਸਨ ਮੁੜ ਆਇਆ ਅਤੇ ਉਹ ਦਾਊਦ ਦੇ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਮਿਲਣ ਨੂੰ ਨਿੱਕਲੇ ਅਤੇ ਜਦ ਦਾਊਦ ਉਨ੍ਹਾਂ ਲੋਕਾਂ ਦੇ ਨੇੜੇ ਆਇਆ ਤਾਂ ਉਸ ਨੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ।
22 ੨੨ ਉਸ ਵੇਲੇ ਜਿਹੜੇ ਦਾਊਦ ਦੇ ਨਾਲ ਗਏ ਸਨ ਉਹਨਾਂ ਵਿੱਚੋਂ ਸਭਨਾਂ ਦੁਸ਼ਟ ਅਤੇ ਬੁਰਿਆਰ ਲੋਕਾਂ ਨੇ ਆਖਿਆ, ਇਹ ਜੋ ਸਾਡੇ ਨਾਲ ਨਹੀਂ ਗਏ ਇਸ ਕਰਕੇ ਅਸੀਂ ਉਸ ਲੁੱਟ ਵਿੱਚੋਂ ਜੋ ਅਸੀਂ ਛੁਡਾਈ ਹੈ ਨਿਰਾ ਉਨ੍ਹਾਂ ਦੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਤੋਂ ਬਿਨ੍ਹਾਂ ਜੋ ਉਹ ਲੈ ਕੇ ਤੁਰ ਜਾਣ ਹੋਰ ਕੁਝ ਨਾ ਦਿਆਂਗੇ।
23 ੨੩ ਤਾਂ ਦਾਊਦ ਬੋਲਿਆ, ਹੇ ਮੇਰੇ ਭਰਾਵੋ, ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸੇ ਨੇ ਸਾਨੂੰ ਬਚਾਇਆ ਅਤੇ ਜਿਸ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥ ਵਿੱਚ ਕਰ ਦਿੱਤਾ।
24 ੨੪ ਇਸ ਗੱਲ ਵਿੱਚ ਭਲਾ, ਤੁਹਾਡੀ ਕੌਣ ਸੁਣੇਗਾ? ਕਿਉਂ ਜੋ ਜਿਵੇਂ ਜਿਹੜਾ ਕੋਈ ਲੜਾਈ ਵਿੱਚ ਜਾਂਦਾ ਹੈ, ਜਿਹੀ ਵੰਡ ਉਹ ਨੂੰ ਮਿਲਦੀ ਹੈ ਤਿਹਾ ਹੀ ਜਿਹੜਾ ਕੋਈ ਡੇਰੇ ਵਿੱਚ ਰਹੇ ਮਿਲੇਗੀ। ਦੋਹਾਂ ਦੀ ਇੱਕੋ ਜਿਹੀ ਵੰਡ ਹੋਵੇਗੀ।
25 ੨੫ ਸੋ ਉਸ ਦਿਨ ਤੋਂ ਉਸ ਨੇ ਇਸਰਾਏਲ ਦੇ ਲਈ ਇਹ ਬਿਧੀ ਅਤੇ ਹੁਕਮ ਠਹਿਰਾ ਦਿੱਤਾ ਜੋ ਅੱਜ ਤੱਕ ਹੈ।
26 ੨੬ ਜਦ ਦਾਊਦ ਸਿਕਲਗ ਵਿੱਚ ਆਇਆ ਤਾਂ ਉਸ ਨੇ ਲੁੱਟ ਵਿੱਚੋਂ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, ਵੇਖੋ, ਯਹੋਵਾਹ ਦੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗ਼ਾਤ ਹੈ।
27 ੨੭ ਅਤੇ ਜਿਹੜੇ ਬੈਤਏਲ ਵਿੱਚ ਸਨ ਉਨ੍ਹਾਂ ਕੋਲ ਭੇਜਿਆ ਅਤੇ ਉਨ੍ਹਾਂ ਕੋਲ ਜੋ ਦੱਖਣੀ ਰਾਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯੱਤੀਰ ਵਿੱਚ ਸਨ
28 ੨੮ ਅਤੇ ਉਨ੍ਹਾਂ ਕੋਲ ਜੋ ਅਰੋਏਰ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਅਸ਼ਤਮੋਆ ਵਿੱਚ ਸਨ
29 ੨੯ ਅਤੇ ਉਨ੍ਹਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਨ੍ਹਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ
30 ੩੦ ਨਾਲੇ ਉਨ੍ਹਾਂ ਕੋਲ ਜੋ ਹਾਰਮਾਹ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਅਤਾਕ ਵਿੱਚ ਸਨ
31 ੩੧ ਅਤੇ ਉਨ੍ਹਾਂ ਕੋਲ ਜੋ ਹਬਰੋਨ ਵਿੱਚ ਸਨ ਅਤੇ ਉਨ੍ਹਾਂ ਸਭਨਾਂ ਥਾਵਾਂ ਵਿੱਚ ਜਿੱਥੇ-ਜਿੱਥੇ ਦਾਊਦ ਅਤੇ ਉਹ ਦੇ ਲੋਕ ਭੌਂਦੇ ਰਹੇ ਸਨ ਭੇਜਿਆ।