< 1 ਸਮੂਏਲ 22 >
1 ੧ ਦਾਊਦ ਉੱਥੋਂ ਨਿੱਕਲ ਕੇ ਅਦੁੱਲਾਮ ਦੀ ਗੁਫਾ ਵਿੱਚ ਭੱਜ ਗਿਆ ਅਤੇ ਉਹ ਦੇ ਭਰਾ, ਉਹ ਦੇ ਪਿਤਾ ਦਾ ਸਾਰਾ ਟੱਬਰ ਇਹ ਸੁਣ ਕੇ ਉਹ ਦੇ ਕੋਲ ਉੱਥੇ ਆ ਗਏ।
2 ੨ ਸਭ ਦੁੱਖੀ ਅਤੇ ਕਰਜ਼ਾਈ ਅਤੇ ਸਭ ਜੋ ਮੁਸ਼ਕਿਲ ਵਿੱਚ ਸਨ, ਉਹ ਦੇ ਕੋਲ ਆ ਗਏ ਅਤੇ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹੋ ਗਏ।
3 ੩ ਉੱਥੋਂ ਦਾਊਦ ਮੋਆਬ ਦੇ ਮਿਸਪੇਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, ਮੇਰੇ ਪਿਤਾ ਅਤੇ ਮੇਰੀ ਮਾਤਾ ਨੂੰ ਆਗਿਆ ਦੇ ਕਿ ਉਹ ਤੇਰੇ ਕੋਲ ਆ ਕੇ ਰਹਿਣ, ਜਦ ਤੱਕ ਮੈਂ ਨਾ ਜਾਣਾਂ ਜੋ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।
4 ੪ ਸੋ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਲੈ ਆਇਆ ਅਤੇ ਜਦ ਤੱਕ ਦਾਊਦ ਨੇ ਆਪਣੇ ਆਪ ਨੂੰ ਗੜ੍ਹ ਵਿੱਚ ਲੁਕਾ ਕੇ ਰੱਖਿਆ ਉਹ ਉਸ ਦੇ ਨਾਲ ਰਹੇ।
5 ੫ ਤਦ ਗਾਦ ਨਬੀ ਨੇ ਦਾਊਦ ਨੂੰ ਆਖਿਆ, ਗੜ੍ਹ ਵਿੱਚ ਨਾ ਲੁਕਿਆ ਰਹਿ। ਚੱਲ ਅਤੇ ਯਹੂਦਾਹ ਦੇ ਦੇਸ ਵੱਲ ਨਿੱਕਲ ਜਾ। ਸੋ ਦਾਊਦ ਤੁਰਿਆ ਅਤੇ ਹਾਰਥ ਦੇ ਜੰਗਲ ਵਿੱਚ ਆ ਗਿਆ।
6 ੬ ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਅਤੇ ਉਸ ਦੇ ਸਾਥੀਆਂ ਦਾ ਪਤਾ ਲੱਗ ਗਿਆ ਹੈ ਕਿਉਂ ਜੋ ਸ਼ਾਊਲ ਉਸ ਵੇਲੇ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਰੁੱਖ ਹੇਠ ਆਪਣਾ ਭਾਲਾ ਹੱਥ ਵਿੱਚ ਫੜੀ ਬੈਠਾ ਸੀ ਅਤੇ ਉਸ ਦੇ ਆਲੇ-ਦੁਆਲੇ ਉਸ ਦੇ ਸੇਵਕ ਖੜ੍ਹੇ ਸਨ।
7 ੭ ਤਦ ਸ਼ਾਊਲ ਨੇ ਆਪਣੇ ਕਰਮਚਾਰੀਆਂ ਨੂੰ ਜੋ ਉਸ ਦੇ ਆਲੇ-ਦੁਆਲੇ ਖੜ੍ਹੇ ਸਨ ਆਖਿਆ, ਸੁਣੋ ਹੇ ਬਿਨਯਾਮੀਨੀਓ! ਕੀ, ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਪੈਲੀ ਅਤੇ ਦਾਖਾਂ ਦਾ ਬਾਗ਼ ਦੇਵੇਗਾ?
8 ੮ ਅਤੇ ਤੁਹਾਨੂੰ ਸਭਨਾਂ ਨੂੰ ਸੈਂਕੜਿਆਂ ਅਤੇ ਹਜ਼ਾਰਾਂ ਦੇ ਪ੍ਰਧਾਨ ਬਣਾਵੇਗਾ ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਾਇਆ ਹੈ ਅਤੇ ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ ਹੈ ਅਤੇ ਤੁਹਾਡੇ ਵਿੱਚੋਂ ਵੀ ਅਜਿਹਾ ਕੋਈ ਨਹੀਂ ਜੋ ਮੇਰੇ ਲਈ ਉਦਾਸ ਹੋਵੇ ਅਤੇ ਮੈਨੂੰ ਦੱਸੇ ਜੋ ਮੇਰੇ ਵਿਰੁੱਧ ਛਹਿ ਲਾ ਕੇ ਬੈਠਣ ਨੂੰ ਜਿਵੇਂ ਅੱਜ ਦੇ ਦਿਨ ਹੈ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਚੁੱਕਿਆ ਹੈ?
9 ੯ ਤਦ ਦੋਏਗ ਅਦੋਮੀ ਨੇ ਜੋ ਸ਼ਾਊਲ ਦੇ ਸੇਵਕਾਂ ਕੋਲ ਖੜ੍ਹਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਕੋਲ ਆਉਂਦਾ ਵੇਖਿਆ।
10 ੧੦ ਉਹ ਦੇ ਲਈ ਉਸ ਨੇ ਯਹੋਵਾਹ ਕੋਲੋਂ ਪੁੱਛਿਆ ਅਤੇ ਉਹ ਨੂੰ ਰਾਹ ਲਈ ਭੋਜਨ ਵਸਤਾਂ ਦਿੱਤੀਆਂ ਅਤੇ ਫ਼ਲਿਸਤੀ ਗੋਲਿਅਥ ਦੀ ਤਲਵਾਰ ਉਹ ਨੂੰ ਦਿੱਤੀ।
11 ੧੧ ਤਦ ਰਾਜਾ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਨੂੰ ਅਤੇ ਉਹ ਦੇ ਪਿਤਾ ਦੇ ਸਾਰੇ ਟੱਬਰ ਨੂੰ ਅਤੇ ਉਨ੍ਹਾਂ ਜਾਜਕਾਂ ਨੂੰ ਜੋ ਨੋਬ ਵਿੱਚ ਸਨ ਸੱਦਾ ਭੇਜਿਆ ਅਤੇ ਉਹ ਸਭ ਰਾਜਾ ਕੋਲ ਆਏ।
12 ੧੨ ਤਦ ਸ਼ਾਊਲ ਨੇ ਆਖਿਆ, ਹੇ ਅਹੀਟੂਬ ਦੇ ਪੁੱਤਰ ਤੂੰ ਸੁਣ! ਉਹ ਬੋਲਿਆ, ਹੇ ਸੁਆਮੀ, ਮੈਂ ਹਾਜ਼ਰ ਹਾਂ।
13 ੧੩ ਤਦ ਸ਼ਾਊਲ ਨੇ ਆਖਿਆ, ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜ਼ਿਸ਼ ਕਿਉਂ ਕੀਤੀ? ਤੂੰ ਜੋ ਉਹ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਹੋਵਾਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਅੱਜ ਦੇ ਦਿਨ ਹੈ।
14 ੧੪ ਤਦ ਅਹੀਮਲਕ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਤੁਹਾਡੇ ਸਾਰਿਆਂ ਸੇਵਕਾਂ ਵਿੱਚੋਂ ਦਾਊਦ ਦੇ ਸਮਾਨ ਧਰਮੀ ਕੌਣ ਹੈ ਜੋ ਰਾਜਾ ਦਾ ਜਵਾਈ ਅਤੇ ਤੁਹਾਡੇ ਦਰਬਾਰ ਵਿੱਚ ਜਾਂਦਾ ਹੁੰਦਾ ਹੈ ਅਤੇ ਤੁਹਾਡੇ ਘਰ ਵਿੱਚ ਇੱਜ਼ਤ ਵਾਲਾ ਹੈ?
15 ੧੫ ਕੀ, ਮੈਂ ਉਸੇ ਵੇਲੇ ਉਹ ਦੇ ਲਈ ਪਰਮੇਸ਼ੁਰ ਕੋਲੋਂ ਪੁੱਛਿਆ? ਇਹ ਗੱਲ ਮੈਥੋਂ ਦੂਰ ਹੋਵੇ। ਰਾਜਾ ਆਪਣੇ ਦਾਸ ਦਾ ਅਤੇ ਮੇਰੇ ਪਿਤਾ ਦੇ ਸਾਰੇ ਟੱਬਰ ਦਾ ਕੁਝ ਦੋਸ਼ ਨਾ ਗਿਣੇ ਕਿਉਂ ਜੋ ਤੁਹਾਡਾ ਸੇਵਕ ਇਨ੍ਹਾਂ ਗੱਲਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ।
16 ੧੬ ਤਦ ਰਾਜਾ ਬੋਲਿਆ, ਅਹੀਮਲਕ, ਤੂੰ ਜ਼ਰੂਰ ਮਾਰਿਆ ਜਾਵੇਗਾ, ਤੂੰ ਅਤੇ ਤੇਰੇ ਪਿਤਾ ਦਾ ਸਾਰਾ ਟੱਬਰ!
17 ੧੭ ਫੇਰ ਰਾਜਾ ਨੇ ਉਨ੍ਹਾਂ ਸਿਪਾਹੀਆਂ ਨੂੰ ਜੋ ਉਹ ਦੇ ਕੋਲ ਖੜ੍ਹੇ ਸਨ ਆਗਿਆ ਕੀਤੀ, ਤੁਸੀਂ ਅੱਗੇ ਵਧੋ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟੋ ਕਿਉਂ ਜੋ ਇਹ ਦਾਊਦ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਨੇ ਜਾਣ ਲਿਆ ਸੀ ਭਈ ਇਹ ਭੱਜਿਆ ਹੋਇਆ ਹੈ ਅਤੇ ਮੈਨੂੰ ਖ਼ਬਰ ਨਾ ਕੀਤੀ। ਪਰ ਰਾਜਾ ਦੇ ਸੇਵਕਾਂ ਨੇ ਯਹੋਵਾਹ ਦੇ ਜਾਜਕਾਂ ਉੱਤੇ ਹੱਥ ਨਾ ਚੁੱਕਿਆ।
18 ੧੮ ਤਦ ਰਾਜਾ ਨੇ ਦੋਏਗ ਨੂੰ ਆਖਿਆ, ਤੂੰ ਮੁੜ ਅਤੇ ਜਾਜਕਾਂ ਉੱਤੇ ਹਮਲਾ ਕਰ! ਸੋ ਅਦੋਮੀ ਦੋਏਗ ਨੇ ਮੁੜ ਕੇ ਜਾਜਕਾਂ ਉੱਤੇ ਹਮਲਾ ਕੀਤਾ ਅਤੇ ਉਸ ਦਿਨ ਉਸ ਨੇ ਪਚਾਸੀ ਜਣਿਆਂ ਨੂੰ ਜਿਨ੍ਹਾਂ ਨੇ ਕਤਾਨ ਦੇ ਏਫ਼ੋਦ ਪਾਏ ਹੋਏ ਸਨ ਮਾਰ ਦਿੱਤਾ।
19 ੧੯ ਜਾਜਕਾਂ ਦੇ ਸ਼ਹਿਰ ਨੂੰ ਉਸ ਨੇ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਉਹ ਦੇ ਪੁਰਖ, ਇਸਤਰੀਆਂ, ਬਾਲਕਾਂ, ਦੁੱਧ ਚੁੰਘਦੇ ਬੱਚਿਆਂ ਅਤੇ ਬਲ਼ਦਾਂ, ਗਧਿਆਂ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
20 ੨੦ ਅਤੇ ਅਹੀਟੂਬ ਦੇ ਪੁੱਤਰ ਅਹੀਮਲਕ ਦੇ ਪੁੱਤਰਾਂ ਵਿੱਚੋਂ ਇੱਕ ਜਣਾ ਜਿਸ ਦਾ ਨਾਮ ਅਬਯਾਥਾਰ ਸੀ ਬਚ ਨਿੱਕਲਿਆ ਅਤੇ ਦਾਊਦ ਵੱਲ ਭੱਜ ਗਿਆ।
21 ੨੧ ਅਬਯਾਥਾਰ ਨੇ ਦਾਊਦ ਨੂੰ ਖ਼ਬਰ ਦਿੱਤੀ ਜੋ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟਿਆ।
22 ੨੨ ਦਾਊਦ ਨੇ ਅਬਯਾਥਾਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ। ਤੇਰੇ ਪਿਤਾ ਦੇ ਸਾਰੇ ਟੱਬਰ ਦੇ ਵੱਢ ਸੁੱਟਣ ਦਾ ਮੁੱਢ ਮੈਂ ਹੀ ਹਾਂ।
23 ੨੩ ਸੋ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਕਿਉਂ ਜੋ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਜਾਨ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੇ ਨਾਲ ਸੁਰੱਖਿਅਤ ਰਹੇਂਗਾ।