< 1 ਸਮੂਏਲ 21 >
1 ੧ ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਿਲਣ ਤੋਂ ਡਰਿਆ ਅਤੇ ਉਸ ਨੇ ਪੁੱਛਿਆ, ਤੂੰ ਇਕੱਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ?
2 ੨ ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਰਾਜਾ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਭੇਜਿਆ ਹੈ ਕਿਸੇ ਮਨੁੱਖ ਉੱਤੇ ਪਰਗਟ ਨਾ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ-ਫ਼ਲਾਨੇ ਥਾਂ ਬਿਠਾ ਦਿੱਤਾ ਹੈ।
3 ੩ ਪਰ ਹੁਣ ਤੇਰੇ ਹੱਥ ਵਿੱਚ ਕੀ ਹੈ? ਪੰਜ ਰੋਟੀਆਂ ਜਾਂ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇ।
4 ੪ ਜਾਜਕ ਨੇ ਦਾਊਦ ਨੂੰ ਉੱਤਰ ਦੇ ਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ ਜੇਕਰ ਕਦੀ ਜੁਆਨਾਂ ਨੇ ਸੱਚ-ਮੁੱਚ ਆਪਣੇ ਆਪ ਨੂੰ ਇਸਤਰੀਆਂ ਕੋਲੋਂ ਵੱਖਰਾ ਰੱਖਿਆ ਹੋਵੇ।
5 ੫ ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਇਸਤਰੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖ਼ਾਸ ਨਹੀਂ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ।
6 ੬ ਸੋ ਜਾਜਕ ਨੇ ਪਵਿੱਤਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਗਰਮ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।
7 ੭ ਉਸ ਦਿਨ ਉੱਥੇ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਰੁੱਕਿਆ ਹੋਇਆ ਸੀ। ਉਹ ਦਾ ਨਾਮ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀਆ ਸੀ।
8 ੮ ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਜਾਂ ਤਲਵਾਰ ਤਾਂ ਨਹੀਂ? ਕਿਉਂ ਜੋ ਮੈਂ ਰਾਜਾ ਦੇ ਕੰਮ ਦੀ ਛੇਤੀ ਹੋਣ ਕਾਰਨ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ।
9 ੯ ਸੋ ਜਾਜਕ ਨੇ ਆਖਿਆ, ਫ਼ਲਿਸਤੀ ਗੋਲਿਅਥ ਦੀ ਤਲਵਾਰ ਜਿਸ ਨੂੰ ਤੂੰ ਏਲਾਹ ਦੀ ਘਾਟੀ ਵਿੱਚ ਮਾਰਿਆ ਸੀ ਵੇਖ ਉਹ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਏਫ਼ੋਦ ਦੇ ਪਿੱਛੇ ਹੈ। ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨ੍ਹਾਂ ਹੋਰ ਇੱਥੇ ਕੋਈ ਹੋਰ ਤਲਵਾਰ ਨਹੀਂ। ਤਦ ਦਾਊਦ ਬੋਲਿਆ, ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ। ਉਹੋ ਮੈਨੂੰ ਦੇ।
10 ੧੦ ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ।
11 ੧੧ ਆਕੀਸ਼ ਦੇ ਸੇਵਕਾਂ ਨੇ ਉਹ ਨੂੰ ਆਖਿਆ, ਕੀ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਰਾਜਾ ਹੈ? ਅਤੇ ਉਹ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ, ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਲੱਖਾਂ ਨੂੰ?
12 ੧੨ ਇਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ।
13 ੧੩ ਤਦ ਉਹ ਨੇ ਉਸ ਦੇ ਅੱਗੇ ਦੂਸਰੀ ਚਾਲ ਚਲੀ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਪਾਗਲ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉੱਤੇ ਵਿਅਰਥ ਲਕੀਰਾਂ ਖਿੱਚਣ ਲੱਗਾ ਅਤੇ ਆਪਣੀਆਂ ਲਾਰਾਂ ਦਾੜ੍ਹੀ ਉੱਤੇ ਵਗਾਉਣ ਲੱਗਾ।
14 ੧੪ ਤਦ ਆਕੀਸ਼ ਨੇ ਆਪਣੇ ਸੇਵਕਾਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ! ਤੁਸੀਂ ਇਹ ਨੂੰ ਮੇਰੇ ਕੋਲ ਕਿਉਂ ਨੂੰ ਲਿਆਏ ਹੋ?
15 ੧੫ ਭਲਾ, ਮੈਨੂੰ ਪਾਗਲਾਂ ਦੀ ਕਮੀ ਹੈ ਜੋ ਤੁਸੀਂ ਉਸ ਨੂੰ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਨੂੰ ਮੇਰੇ ਕੋਲ ਲੈ ਆਏ ਹੋ? ਕੀ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ?