< 1 ਰਾਜਿਆਂ 3 >
1 ੧ ਸੁਲੇਮਾਨ ਨੇ ਮਿਸਰ ਦੇ ਪਾਤਸ਼ਾਹ ਫ਼ਿਰਊਨ ਨਾਲ ਰਿਸ਼ਤੇਦਾਰੀ ਬਣਾਈ ਅਤੇ ਫ਼ਿਰਊਨ ਦੀ ਧੀ ਨੂੰ ਵਿਆਹ ਕੇ ਲੈ ਆਇਆ। ਉਸ ਨੂੰ ਆਪਣਾ ਮਹਿਲ, ਯਹੋਵਾਹ ਦਾ ਭਵਨ ਅਤੇ ਯਰੂਸ਼ਲਮ ਦੀ ਸ਼ਹਿਰ ਪਨਾਹ ਬਣਨ ਤੱਕ ਦਾਊਦ ਦੇ ਸ਼ਹਿਰ ਵਿੱਚ ਰੱਖਿਆ।
2 ੨ ਲੋਕ ਕੇਵਲ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਸਨ, ਕਿਉਂ ਜੋ ਕੋਈ ਭਵਨ ਯਹੋਵਾਹ ਦੇ ਨਾਮ ਲਈ ਅਜੇ ਤੱਕ ਬਣਿਆ ਨਹੀਂ ਸੀ।
3 ੩ ਸੁਲੇਮਾਨ ਯਹੋਵਾਹ ਨਾਲ ਪ੍ਰੇਮ ਰੱਖਦਾ ਸੀ ਅਤੇ ਆਪਣੇ ਪਿਤਾ ਦਾਊਦ ਦੀਆਂ ਬਿਧੀਆਂ ਉੱਤੇ ਚੱਲਦਾ ਸੀ, ਪਰ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਸੀ।
4 ੪ ਪਾਤਸ਼ਾਹ ਹੋਮ ਬਲੀ ਲਈ ਗਿਬਓਨ ਸ਼ਹਿਰ ਨੂੰ ਗਿਆ ਕਿਉਂ ਜੋ ਉਹ ਉੱਚਾ ਅਤੇ ਵੱਡਾ ਥਾਂ ਸੀ ਅਤੇ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ ਇੱਕ ਹਜ਼ਾਰ ਬਲੀਆਂ ਚੜ੍ਹਾਈਆਂ।
5 ੫ ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸੁਲੇਮਾਨ ਨੂੰ ਯਹੋਵਾਹ ਦਾ ਦਰਸ਼ਣ ਹੋਇਆ। ਪਰਮੇਸ਼ੁਰ ਨੇ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ?
6 ੬ ਸੁਲੇਮਾਨ ਨੇ ਆਖਿਆ, ਤੂੰ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸਚਿਆਈ, ਧਰਮ ਅਤੇ ਮਨ ਦੀ ਖ਼ਰਾਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੂੰ ਉਹ ਦੇ ਲਈ ਉਸ ਵੱਡੀ ਦਯਾ ਦੀ ਪਾਲਣਾ ਕੀਤੀ ਕਿ ਉਹ ਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹ ਦੀ ਰਾਜ ਗੱਦੀ ਉੱਤੇ ਬੈਠਾ ਹੈ, ਜਿਵੇਂ ਅੱਜ ਦੇ ਦਿਨ ਹੈ।
7 ੭ ਹੁਣ ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੂੰ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ।
8 ੮ ਤੇਰਾ ਦਾਸ ਤੇਰੀ ਪਰਜਾ ਦੇ ਵਿਚਕਾਰ ਹੈ ਜਿਸ ਨੂੰ ਤੂੰ ਚੁਣਿਆ ਹੈ। ਉਹ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਨ੍ਹਾਂ ਦਾ ਲੇਖਾ ਹੀ ਹੋ ਸਕਦਾ ਹੈ।
9 ੯ ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ ਕਿ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ, ਇਸ ਲਈ ਕਿ ਮੈਂ ਭਲੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੀ ਐਨੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?
10 ੧੦ ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ, ਕਿ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ।
11 ੧੧ ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਹੈ ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ, ਪਰ ਆਪਣੇ ਲਈ ਨਿਆਂ ਦੇ ਸੁਣਨ ਲਈ ਬੁੱਧ ਮੰਗੀ ਹੈ।
12 ੧੨ ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ ਹੈ, ਅਜਿਹਾ ਜੋ ਤੇਰੇ ਵਰਗਾ ਤੇਰੇ ਨਾਲੋਂ ਪਹਿਲਾਂ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਬਾਅਦ ਕੋਈ ਤੇਰੇ ਵਰਗਾ ਉੱਠੇਗਾ।
13 ੧੩ ਮੈਂ ਤੈਨੂੰ ਜੋ ਤੂੰ ਨਹੀਂ ਮੰਗਿਆ ਉਹ ਵੀ ਦਿੱਤਾ, ਧਨ ਅਤੇ ਇੱਜ਼ਤ ਵੀ ਅਜਿਹਾ ਜੋ ਪਾਤਸ਼ਾਹਾਂ ਦੇ ਵਿੱਚੋਂ ਤੇਰੇ ਵਰਗਾ ਤੇਰੇ ਸਾਰੇ ਦਿਨਾਂ ਵਿੱਚ ਕੋਈ ਮਨੁੱਖ ਨਹੀਂ ਹੋਵੇਗਾ।
14 ੧੪ ਜੇਕਰ ਤੂੰ ਮੇਰੇ ਮਾਰਗ ਉੱਤੇ ਚੱਲੇਂਗਾ ਅਤੇ ਮੇਰੀਆਂ ਬਿਧੀਆਂ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੇਰੀ ਉਮਰ ਵਧਾਵਾਂਗਾ।
15 ੧੫ ਤਦ ਸੁਲੇਮਾਨ ਜਾਗ ਉੱਠਿਆ ਅਤੇ ਵੇਖਿਆ ਕਿ ਇਹ ਤਾਂ ਸੁਫ਼ਨਾ ਹੈ। ਫੇਰ ਉਹ ਯਰੂਸ਼ਲਮ ਨੂੰ ਆਇਆ ਅਤੇ ਪ੍ਰਭੂ ਦੇ ਨੇਮ ਦੇ ਸੰਦੂਕ ਅੱਗੇ ਖੜ੍ਹਾ ਰਿਹਾ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਤਿਆਰ ਕੀਤੀਆਂ ਅਤੇ ਆਪਣੇ ਸੇਵਕਾਂ ਲਈ ਦਾਵਤ ਕੀਤੀ।
16 ੧੬ ਉਸ ਵੇਲੇ ਦੋ ਔਰਤਾਂ ਜਿਹੜੀਆਂ ਵੇਸਵਾਂ ਸਨ ਪਾਤਸ਼ਾਹ ਦੇ ਸਨਮੁਖ ਆ ਖੜ੍ਹੀਆਂ।
17 ੧੭ ਇੱਕ ਔਰਤ ਨੇ ਆਖਿਆ, ਹੇ ਮੇਰੇ ਮਾਲਕ, ਅਸੀਂ ਦੋਵੇਂ ਔਰਤਾਂ ਇੱਕੋ ਘਰ ਵਿੱਚ ਰਹਿੰਦੀਆਂ ਹਾਂ ਅਤੇ ਮੈਂ ਘਰ ਵਿੱਚ ਉਸ ਦੇ ਨਾਲ ਰਹਿੰਦਿਆਂ ਇੱਕ ਬੱਚੇ ਨੂੰ ਜਨਮ ਦਿੱਤਾ।
18 ੧੮ ਤਦ ਤੀਜੇ ਦਿਨ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਬੱਚੇ ਨੂੰ ਜਨਮ ਦੇ ਚੁੱਕੀ, ਤਾਂ ਇਹ ਔਰਤ ਨੇ ਵੀ ਇੱਕ ਬੱਚੇ ਨੂੰ ਜਨਮ ਦਿੱਤਾ, ਅਸੀਂ ਇਕੱਠੀਆਂ ਸੀ ਅਤੇ ਸਾਡੇ ਨਾਲ ਘਰ ਵਿੱਚ ਕੋਈ ਓਪਰਾ ਨਹੀਂ ਸੀ, ਇੱਥੋਂ ਤੱਕ ਕਿ ਘਰ ਵਿੱਚ ਸਾਡੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ।
19 ੧੯ ਇਸ ਔਰਤ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੋ ਇਹ ਉਹ ਦੇ ਉੱਤੇ ਲੇਟ ਗਈ ਸੀ।
20 ੨੦ ਤਦ ਇਹ ਅੱਧੀ ਰਾਤ ਨੂੰ ਉੱਠੀ, ਜਦ ਤੇਰੀ ਦਾਸੀ ਸੁੱਤੀ ਹੋਈ ਸੀ, ਤਾਂ ਮੇਰੇ ਬੱਚੇ ਨੂੰ ਮੇਰੇ ਨਾਲੋਂ ਲਿਆ ਅਤੇ ਆਪਣੀ ਹਿੱਕ ਨਾਲ ਲਿਟਾ ਲਿਆ ਅਤੇ ਆਪਣਾ ਮੁਰਦਾ ਬੱਚਾ ਮੇਰੀ ਹਿੱਕ ਨਾਲ ਲਿਟਾ ਦਿੱਤਾ।
21 ੨੧ ਸਵੇਰ ਨੂੰ ਜਦ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਉੱਠੀ ਤਾਂ ਵੇਖੋ ਉਹ ਮਰਿਆ ਪਿਆ ਸੀ, ਪਰ ਜਦ ਸਵੇਰ ਦੇ ਚਾਨਣ ਵਿੱਚ ਮੈਂ ਉਸ ਨੂੰ ਧਿਆਨ ਦੇ ਨਾਲ ਵੇਖਿਆ, ਤਾਂ ਇਹ ਮੇਰਾ ਬੱਚਾ ਨਹੀਂ ਸੀ ।
22 ੨੨ ਤਦ ਦੂਜੀ ਔਰਤ ਨੇ ਆਖਿਆ, ਇਸ ਤਰ੍ਹਾਂ ਨਹੀਂ ਹੈ, ਸਗੋਂ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ। ਪਹਿਲੀ ਨੇ ਆਖਿਆ, ਇਸ ਤਰ੍ਹਾਂ ਨਹੀਂ ਤੇਰਾ ਬੱਚਾ ਮਰਿਆ ਹੋਇਆ ਹੈ ਅਤੇ ਮੇਰਾ ਬੱਚਾ ਜਿਉਂਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਗੱਲਾਂ ਕੀਤੀਆਂ।
23 ੨੩ ਤਦ ਪਾਤਸ਼ਾਹ ਨੇ ਆਖਿਆ, ਇੱਕ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ ਹੈ ਅਤੇ ਦੂਸਰੀ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ।
24 ੨੪ ਪਾਤਸ਼ਾਹ ਨੇ ਆਖਿਆ, ਮੇਰੇ ਲਈ ਇੱਕ ਤਲਵਾਰ ਲੈ ਆਓ ਤਾਂ ਉਹ ਪਾਤਸ਼ਾਹ ਦੇ ਸਨਮੁਖ ਇੱਕ ਤਲਵਾਰ ਲੈ ਆਏ।
25 ੨੫ ਪਾਤਸ਼ਾਹ ਨੇ ਆਖਿਆ, ਇਸ ਜਿਉਂਦੇ ਬੱਚੇ ਨੂੰ ਦੋ ਹਿੱਸਿਆਂ ਵਿੱਚ ਚੀਰ ਸੁੱਟੋ। ਅੱਧਾ ਇੱਕ ਨੂੰ ਦੇ ਦਿਓ ਅਤੇ ਅੱਧਾ ਦੂਜੀ ਨੂੰ।
26 ੨੬ ਤਦ ਉਹ ਔਰਤ ਜਿਸ ਦਾ ਬੱਚਾ ਜਿਉਂਦਾ ਸੀ ਪਾਤਸ਼ਾਹ ਨੂੰ ਆਖਣ ਲੱਗੀ, ਹੇ ਮੇਰੇ ਮਾਲਕ, ਜਿਉਂਦਾ ਬੱਚਾ ਇਸੇ ਨੂੰ ਦੇ ਦਿਓ ਅਤੇ ਉਸ ਨੂੰ ਨਾ ਮਾਰੋ ਕਿਉਂ ਜੋ ਉਸ ਦੀ ਮਮਤਾ ਆਪਣੇ ਬੱਚੇ ਲਈ ਬਲ ਉੱਠੀ ਸੀ। ਦੂਜੀ ਨੇ ਆਖਿਆ, ਇਹ ਨਾ ਮੇਰਾ ਰਹੇ ਨਾ ਤੇਰਾ ਸਗੋਂ ਚੀਰਿਆ ਜਾਵੇ।
27 ੨੭ ਪਾਤਸ਼ਾਹ ਨੇ ਉੱਤਰ ਦੇ ਕੇ ਆਖਿਆ ਕਿ ਜਿਉਂਦਾ ਬੱਚਾ ਇਸੇ ਨੂੰ ਦੇ ਦਿਓ ਅਤੇ ਨਾ ਮਾਰੋ ਕਿਉਂ ਜੋ ਇਸ ਦੀ ਮਾਤਾ ਇਹੋ ਹੀ ਹੈ।
28 ੨੮ ਤਦ ਸਾਰੇ ਇਸਰਾਏਲ ਨੇ ਇਸ ਨਿਆਂ ਨੂੰ ਸੁਣਿਆ ਜਿਹੜਾ ਨਿਆਂ ਪਾਤਸ਼ਾਹ ਨੇ ਕੀਤਾ, ਤਾਂ ਉਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਦੀ ਬੁੱਧ ਨਿਆਂ ਕਰਨ ਲਈ ਉਸ ਦੇ ਵਿੱਚ ਹੈ।