< 1 ਰਾਜਿਆਂ 14 >
1 ੧ ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬਿਯਾਹ ਬਿਮਾਰ ਪੈ ਗਿਆ।
2 ੨ ਤਾਂ ਯਾਰਾਬੁਆਮ ਨੇ ਆਪਣੀ ਰਾਣੀ ਨੂੰ ਆਖਿਆ, ਉੱਠ ਕੇ ਜ਼ਰਾ ਆਪਣਾ ਭੇਸ ਬਦਲ ਲੈ ਕਿ ਕੋਈ ਨਾ ਜਾਣੇ ਕਿ ਤੂੰ ਯਾਰਾਬੁਆਮ ਦੀ ਪਤਨੀ ਹੈਂ ਅਤੇ ਸ਼ੀਲੋਹ ਨੂੰ ਤੁਰ ਜਾ। ਵੇਖ, ਉੱਥੇ ਅਹੀਯਾਹ ਨਬੀ ਹੈ ਜੋ ਮੈਨੂੰ ਬੋਲਿਆ ਸੀ ਕਿ ਤੂੰ ਇਨ੍ਹਾਂ ਲੋਕਾਂ ਦਾ ਪਾਤਸ਼ਾਹ ਹੋਵੇਂਗਾ।
3 ੩ ਅਤੇ ਆਪਣੇ ਹੱਥ ਵਿੱਚ ਦਸ ਰੋਟੀਆਂ, ਚੂਰਮਾ ਅਤੇ ਸ਼ਹਿਦ ਦਾ ਮਰਤਬਾਨ ਲੈ ਕੇ ਉਹ ਦੇ ਕੋਲ ਜਾ। ਉਹ ਤੈਨੂੰ ਦੱਸੇਗਾ ਕਿ ਮੁੰਡੇ ਨੂੰ ਕੀ ਹੋਵੇਗਾ।
4 ੪ ਸੋ ਯਾਰਾਬੁਆਮ ਦੀ ਪਤਨੀ ਨੇ ਤਿਵੇਂ ਹੀ ਕੀਤਾ। ਉਹ ਉੱਠ ਕੇ ਸ਼ੀਲੋਹ ਨੂੰ ਗਈ ਅਤੇ ਅਹੀਯਾਹ ਦੇ ਘਰ ਪਹੁੰਚੀ ਪਰ ਅਹੀਯਾਹ ਵੇਖ ਨਹੀਂ ਸਕਦਾ ਸੀ ਕਿਉਂ ਜੋ ਉਸ ਦੀਆਂ ਅੱਖਾਂ ਬੁਢਾਪੇ ਦੇ ਕਾਰਨ ਰੁਕ ਗਈਆਂ ਸਨ।
5 ੫ ਤਾਂ ਯਹੋਵਾਹ ਨੇ ਅਹੀਯਾਹ ਨੂੰ ਆਖਿਆ ਕਿ ਵੇਖ, ਯਾਰਾਬੁਆਮ ਦੀ ਰਾਣੀ ਆਪਣੇ ਪੁੱਤਰ ਲਈ ਤੇਰੇ ਕੋਲੋਂ ਪੁੱਛਣ ਆਉਂਦੀ ਹੈ ਕਿਉਂ ਜੋ ਉਹ ਬਿਮਾਰ ਹੈ ਸੋ ਤੂੰ ਉਹ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਖੀਂ ਕਿਉਂ ਜੋ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਅੰਦਰ ਆਵੇਗੀ ਤਾਂ ਆਪ ਨੂੰ ਹੋਰ ਔਰਤ ਬਣਾਵੇਗੀ।
6 ੬ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਅਹੀਯਾਹ ਨੇ ਉਹ ਦੇ ਪੈਰਾਂ ਦੀ ਪੈਛੜ ਜਾਂ ਉਹ ਬੂਹੇ ਦੇ ਅੰਦਰ ਵੜੀ ਸੁਣੀ ਤਾਂ ਉਸ ਆਖਿਆ, ਹੇ ਯਾਰਾਬੁਆਮ ਦੀ ਰਾਣੀ ਅੰਦਰ ਲੰਘ ਆ। ਤੂੰ ਆਪ ਨੂੰ ਹੋਰ ਔਰਤ ਕਿਉਂ ਬਣਾਉਂਦੀ ਹੈਂ? ਮੈਂ ਤੇਰੇ ਕੋਲ ਸਖ਼ਤ ਗੱਲਾਂ ਲਈ ਭੇਜਿਆ ਗਿਆ ਹਾਂ।
7 ੭ ਤੂੰ ਚੱਲੀ ਜਾ ਅਤੇ ਯਾਰਾਬੁਆਮ ਨੂੰ ਆਖ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਮੈਂ ਤੈਨੂੰ ਲੋਕਾਂ ਵਿੱਚ ਉੱਚਾ ਕੀਤਾ ਅਤੇ ਮੈਂ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਚੁਣਿਆ।
8 ੮ ਅਤੇ ਰਾਜ ਦਾਊਦ ਦੇ ਘਰਾਣੇ ਤੋਂ ਪਾੜ ਕੇ ਤੈਨੂੰ ਦਿੱਤਾ ਤਾਂ ਵੀ ਤੂੰ ਮੇਰੇ ਦਾਸ ਦਾਊਦ ਵਰਗਾ ਨਾ ਹੋਇਆ ਜਿਸ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਸਾਰੇ ਮਨ ਨਾਲ ਮੇਰੇ ਮਗਰ ਚੱਲਿਆ ਅਤੇ ਉਹੋ ਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ।
9 ੯ ਪਰ ਤੂੰ ਉਨ੍ਹਾਂ ਸਭਨਾਂ ਨਾਲੋਂ ਜੋ ਤੇਰੇ ਕੋਲੋਂ ਅੱਗੇ ਸਨ ਵੱਧ ਬੁਰਿਆਈ ਕੀਤੀ ਅਤੇ ਤੂੰ ਮੈਨੂੰ ਕ੍ਰੋਧ ਚੜ੍ਹਾਉਣ ਲਈ ਆਪਣੇ ਲਈ ਓਪਰੇ ਦੇਵਤੇ ਅਤੇ ਢਲਵੀਆਂ ਮੂਰਤਾਂ ਬਣਾਈਆਂ ਅਤੇ ਤੂੰ ਮੈਨੂੰ ਆਪਣੀ ਪਿੱਠ ਪਿੱਛੇ ਸੁੱਟਿਆ।
10 ੧੦ ਇਸੇ ਲਈ ਵੇਖ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਯਾਰਾਬੁਆਮ ਦੇ ਹਰ ਨਰ ਨੂੰ ਅਤੇ ਇਸਰਾਏਲ ਦੇ ਬੰਦੀ ਅਤੇ ਆਜ਼ਾਦ ਨੂੰ ਨਾਸ ਕਰ ਦਿਆਂਗਾ ਅਤੇ ਯਾਰਾਬੁਆਮ ਦੇ ਘਰਾਣੇ ਦੇ ਪਿੱਛੇ ਇਸ ਤਰ੍ਹਾਂ ਝਾੜੂ ਲਈ ਫਿਰਾਂਗਾ ਜਿਵੇਂ ਗੰਦ ਚੁੱਕ ਲੈਣ ਦੇ ਪਿੱਛੋਂ ਕੁਝ ਬਾਕੀ ਨਹੀਂ ਰਹਿ ਜਾਂਦਾ।
11 ੧੧ ਅਤੇ ਯਾਰਾਬੁਆਮ ਦਾ ਜੇ ਕੋਈ ਸ਼ਹਿਰ ਵਿੱਚ ਮਰੇਗਾ ਉਹ ਨੂੰ ਕੁੱਤੇ ਖਾਣਗੇ ਅਤੇ ਜੋ ਰੜ ਵਿੱਚ ਮਰੇਗਾ ਉਹ ਨੂੰ ਅਕਾਸ਼ ਦੇ ਪੰਛੀ ਖਾਣਗੇ ਕਿਉਂ ਜੋ ਯਹੋਵਾਹ ਇਸ ਤਰ੍ਹਾਂ ਬੋਲਿਆ ਹੈ।
12 ੧੨ ਸੋ ਤੂੰ ਉੱਠ ਅਤੇ ਆਪਣੇ ਘਰ ਜਾ। ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਮੁੰਡਾ ਮਰ ਜਾਵੇਗਾ।
13 ੧੩ ਤਾਂ ਸਾਰਾ ਇਸਰਾਏਲ ਉਹ ਦਾ ਸੋਗ ਕਰਨਗੇ ਅਤੇ ਉਹ ਨੂੰ ਦੱਬਣਗੇ ਕਿਉਂ ਜੋ ਯਾਰਾਬੁਆਮ ਦਾ ਉਹੋ ਇਕੱਲਾ ਕਬਰ ਵਿੱਚ ਪਏਗਾ ਇਸ ਲਈ ਕਿ ਯਾਰਾਬੁਆਮ ਦੇ ਘਰਾਣੇ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਸ ਵਿੱਚ ਹੀ ਕੁਝ ਚੰਗੀ ਗੱਲ ਲੱਭੀ।
14 ੧੪ ਅਤੇ ਯਹੋਵਾਹ ਆਪਣੀ ਵੱਲੋਂ ਇਸਰਾਏਲ ਉੱਤੇ ਇੱਕ ਪਾਤਸ਼ਾਹ ਖੜਾ ਕਰੇਗਾ ਜਿਹੜਾ ਉਸੇ ਦਿਨ ਯਾਰਾਬੁਆਮ ਦੇ ਘਰਾਣੇ ਨੂੰ ਨਾਸ ਕਰੇਗਾ। ਕੀ ਇਹ ਅੱਜ ਦੇ ਦਿਨ ਹੀ? ਹਾਂ ਹੁਣੇ ਹੀ।
15 ੧੫ ਅਤੇ ਯਹੋਵਾਹ ਇਸਰਾਏਲ ਨੂੰ ਇਸ ਤਰ੍ਹਾਂ ਮਰੇਗਾ ਜਿਵੇਂ ਪਾਣੀ ਵਿੱਚ ਕਾਨਾ ਹਿਲਾਇਆ ਜਾਂਦਾ ਹੈ ਅਤੇ ਉਹ ਇਸਰਾਏਲ ਨੂੰ ਇਸ ਚੰਗੀ ਭੂਮੀ ਵਿੱਚੋਂ ਉਖੇੜ ਦੇਵੇਗਾ ਜੋ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਅਤੇ ਉਨ੍ਹਾਂ ਨੂੰ ਦਰਿਆ ਦੇ ਪਾਰ ਖਿਲਾਰ ਦੇਵੇਗਾ ਕਿਉਂ ਜੋ ਉਨ੍ਹਾਂ ਨੇ ਆਪਣੇ ਲਈ ਟੁੰਡ ਦੇਵ ਬਣਾ ਕੇ ਯਹੋਵਾਹ ਨੂੰ ਕ੍ਰੋਧਵਾਨ ਕੀਤਾ।
16 ੧੬ ਅਤੇ ਉਹ ਇਸਰਾਏਲ ਨੂੰ ਯਾਰਾਬੁਆਮ ਦੇ ਪਾਪਾਂ ਦੇ ਕਾਰਨ ਤਿਆਗ ਦੇਵੇਗਾ ਕਿਉਂ ਜੋ ਉਹ ਪਾਪੀ ਬਣਿਆ ਅਤੇ ਇਸਰਾਏਲ ਨੂੰ ਪਾਪੀ ਬਣਾਇਆ।
17 ੧੭ ਤਾਂ ਯਾਰਾਬੁਆਮ ਦੀ ਰਾਣੀ ਉੱਠੀ ਅਤੇ ਚੱਲ ਪਈ ਅਤੇ ਤਿਰਸਾਹ ਨੂੰ ਆਈ। ਉਹ ਘਰ ਦੀ ਦਹਲੀਜ਼ ਕੋਲ ਪਹੁੰਚੀ ਹੀ ਸੀ ਕਿ ਮੁੰਡਾ ਮਰ ਗਿਆ।
18 ੧੮ ਤਾਂ ਸਾਰੇ ਇਸਰਾਏਲ ਨੇ ਉਹ ਨੂੰ ਦੱਬਿਆ ਅਤੇ ਉਸ ਦਾ ਸੋਗ ਕੀਤਾ ਜਿਵੇਂ ਯਹੋਵਾਹ ਦਾ ਬਚਨ ਸੀ ਜੋ ਉਹ ਆਪਣੇ ਦਾਸ ਅਹੀਯਾਹ ਨਬੀ ਦੇ ਰਾਹੀਂ ਬੋਲਿਆ ਸੀ।
19 ੧੯ ਅਤੇ ਯਾਰਾਬੁਆਮ ਦੀਆਂ ਬਾਕੀ ਗੱਲਾਂ ਕਿ ਕਿਵੇਂ ਉਹ ਲੜਿਆ ਅਤੇ ਕਿਵੇਂ ਉਸ ਰਾਜ ਕੀਤਾ ਸੋ ਵੇਖੋ, ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।
20 ੨੦ ਅਤੇ ਉਹ ਦਿਨ ਜਿਨ੍ਹਾਂ ਵਿੱਚ ਯਾਰਾਬੁਆਮ ਨੇ ਰਾਜ ਕੀਤਾ ਬਾਈ ਸਾਲ ਸਨ ਤਾਂ ਉਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹ ਦਾ ਪੁੱਤਰ ਨਾਦਾਬ ਉਹ ਦੇ ਥਾਂ ਰਾਜ ਕਰਨ ਲੱਗਾ।
21 ੨੧ ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਪਾਤਸ਼ਾਹ ਸੀ ਅਤੇ ਰਹਬੁਆਮ ਇੱਕਤਾਲੀਆਂ ਸਾਲਾਂ ਦਾ ਸੀ ਜਦ ਰਾਜ ਕਰਨ ਲੱਗਾ ਅਤੇ ਉਸ ਨੇ ਯਰੂਸ਼ਲਮ ਵਿੱਚ ਜਿਹ ਨੂੰ ਯਹੋਵਾਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਕਿ ਆਪਣਾ ਨਾਮ ਉੱਥੇ ਰੱਖੇ ਸਤਾਰਾਂ ਸਾਲਾਂ ਤੱਕ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਆਮਾਹ ਸੀ ਜੋ ਅੰਮੋਨਣ ਸੀ।
22 ੨੨ ਅਤੇ ਯਹੂਦਾਹ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਨ੍ਹਾਂ ਨੇ ਉਸ ਦੀ ਅਣਖ ਨੂੰ ਭੜਕਾਇਆ ਉਨ੍ਹਾਂ ਸਾਰਿਆਂ ਪਾਪਾਂ ਦੇ ਕਾਰਨ ਜੋ ਉਨ੍ਹਾਂ ਆਪਣੇ ਪੁਰਖਿਆਂ ਤੋਂ ਵੱਧ ਪਾਪ ਕੀਤਾ।
23 ੨੩ ਉਨ੍ਹਾਂ ਨੇ ਆਪਣੇ ਲਈ ਉੱਚਿਆਂ ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਰਬਤ ਉੱਤੇ ਅਤੇ ਹਰ ਬਿਰਛ ਦੇ ਹੇਠ ਉੱਚੇ ਥਾਵਾਂ ਨੂੰ ਮੂਰਤਾਂ ਅਤੇ ਟੁੰਡਾਂ ਨੂੰ ਖੜਾ ਕੀਤਾ।
24 ੨੪ ਅਤੇ ਦੇਸ ਵਿੱਚ ਸਮਲਿੰਗੀ ਵੀ ਸਨ। ਉਨ੍ਹਾਂ ਉਹਨਾਂ ਕੌਮਾਂ ਦੇ ਘਿਣਾਉਣੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਅੱਗੋਂ ਧੱਕ ਦਿੱਤਾ ਸੀ।
25 ੨੫ ਤਾਂ ਅਜਿਹਾ ਹੋਇਆ ਕਿ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ।
26 ੨੬ ਉਹ ਨੇ ਯਹੋਵਾਹ ਦੇ ਭਵਨ ਦਾ ਖਜ਼ਾਨਾ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੈ ਲਿਆ ਸਗੋਂ ਉਹ ਨੇ ਸਭ ਕੁਝ ਲੈ ਲਿਆ ਅਤੇ ਉਹ ਨੇ ਉਹ ਸਭ ਸੋਨੇ ਦੀਆਂ ਢਾਲਾਂ ਜੋ ਸੁਲੇਮਾਨ ਨੇ ਬਣਵਾਈਆਂ ਸਨ ਲੈ ਲਈਆਂ।
27 ੨੭ ਤਾਂ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਦੇ ਥਾਂ ਪਿੱਤਲ ਦੀਆਂ ਢਾਲਾਂ ਬਣਵਾਈਆਂ ਅਤੇ ਉਨ੍ਹਾਂ ਨੂੰ ਸ਼ਾਹੀ ਨਿਗਾਹਬਾਨਾਂ ਦੇ ਸਰਦਾਰਾਂ ਦੇ ਹੱਥ ਵਿੱਚ ਸੌਂਪ ਦਿੱਤਾ ਜਿਹੜੇ ਸ਼ਾਹੀ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ।
28 ੨੮ ਅਜਿਹਾ ਹੁੰਦਾ ਸੀ ਕਿ ਜਦ ਪਾਤਸ਼ਾਹ ਯਹੋਵਾਹ ਦੇ ਭਵਨ ਨੂੰ ਜਾਂਦਾ ਸੀ ਤਾਂ ਨਿਗਾਹਬਾਨ ਉਨ੍ਹਾਂ ਨੂੰ ਚੁੱਕ ਲੈਂਦੇ ਸਨ ਅਤੇ ਫੇਰ ਉਹਨਾਂ ਨੂੰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ।
29 ੨੯ ਅਤੇ ਰਹਬੁਆਮ ਦੇ ਬਾਕੀ ਕੰਮ ਅਤੇ ਉਹ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨਹੀਂ ਹਨ?
30 ੩੦ ਇਸ ਤਰ੍ਹਾਂ ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਉਨ੍ਹਾਂ ਦੇ ਸਭ ਦਿਨ ਲੜਾਈ ਲੱਗੀ ਰਹੀ।
31 ੩੧ ਤਾਂ ਰਹਬੁਆਮ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੇ ਨਾਲ ਦੱਬਿਆ ਗਿਆ। ਉਸ ਦੀ ਮਾਤਾ ਦਾ ਨਾਮ ਨਆਮਾਹ ਸੀ ਜੋ ਅੰਮੋਨਣ ਸੀ ਅਤੇ ਉਸ ਦਾ ਪੁੱਤਰ ਅਬਿਯਾਹ ਉਸ ਦੇ ਥਾਂ ਰਾਜ ਕਰਨ ਲੱਗਾ।