< 1 ਯੂਹੰਨਾ 3 >
1 ੧ ਵੇਖੋ, ਪਿਤਾ ਨੇ ਕਿਹੋ ਜਿਹਾ ਪਿਆਰ ਕੀਤਾ ਹੈ ਜੋ ਅਸੀਂ ਪਰਮੇਸ਼ੁਰ ਦੇ ਬਾਲਕ ਸੱਦੇ ਜਾਈਏ! ਇਹੋ ਅਸੀਂ ਹਾਂ ਵੀ। ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂਕਿ ਉਸ ਨੇ ਉਹ ਨੂੰ ਵੀ ਨਹੀਂ ਜਾਣਿਆ।
2 ੨ ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ! ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ।
3 ੩ ਅਤੇ ਹਰ ਕੋਈ ਜਿਹੜਾ ਉਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ, ਜਿਵੇਂ ਉਹ ਪਵਿੱਤਰ ਹੈ।
4 ੪ ਹਰ ਕੋਈ ਜਿਹੜਾ ਪਾਪ ਕਰਦਾ ਹੈ, ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਦਾ ਹੈ ਅਤੇ ਬਿਵਸਥਾ ਨੂੰ ਤੋੜਨਾ ਹੀ ਪਾਪ ਹੈ ।
5 ੫ ਤੁਸੀਂ ਜਾਣਦੇ ਹੋ ਜੋ ਯਿਸੂ ਮਸੀਹ ਇਸ ਲਈ ਪ੍ਰਗਟ ਹੋਇਆ ਕਿ ਪਾਪਾਂ ਨੂੰ ਚੁੱਕ ਲੈ ਜਾਵੇ, ਅਤੇ ਉਹ ਦੇ ਵਿੱਚ ਪਾਪ ਨਹੀਂ ਹੈ।
6 ੬ ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ। ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸ ਨੇ ਉਹ ਨੂੰ ਨਹੀਂ ਵੇਖਿਆ, ਨਾ ਉਹ ਨੂੰ ਜਾਣਿਆ ਹੈ।
7 ੭ ਹੇ ਬੱਚਿਓ, ਕੋਈ ਤੁਹਾਨੂੰ ਨਾ ਭਰਮਾਵੇ। ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਸੋ ਧਰਮੀ ਹੈ, ਜਿਵੇਂ ਉਹ ਧਰਮੀ ਹੈ।
8 ੮ ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ੁਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਤਾਂ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ।
9 ੯ ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਕਿਉਂ ਜੋ ਪਰਮੇਸ਼ੁਰ ਦਾ ਬੀਜ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਕਿਉਂਕਿ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ।
10 ੧੦ ਇਸ ਤੋਂ ਪਰਮੇਸ਼ੁਰ ਦੇ ਬੱਚੇ ਅਤੇ ਸ਼ੈਤਾਨ ਦੇ ਬੱਚੇ ਪ੍ਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਅਤੇ ਭਰਾ ਨਾਲ ਪਿਆਰ ਨਹੀਂ ਰੱਖਦਾ ਉਹ ਪਰਮੇਸ਼ੁਰ ਤੋਂ ਨਹੀਂ ਹੈ।
11 ੧੧ ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਸੋ ਇਹ ਹੈ ਕਿ ਇੱਕ ਦੂਜੇ ਨਾਲ ਪਿਆਰ ਰੱਖੀਏ।
12 ੧੨ ਉਸ ਤਰ੍ਹਾਂ ਨਹੀਂ, ਜਿਵੇਂ ਕਾਇਨ ਉਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ, ਅਤੇ ਕਿਉਂ ਉਹ ਨੂੰ ਮਾਰਿਆ? ਇਸ ਲਈ ਜੋ ਉਹ ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ।
13 ੧੩ ਹੇ ਭਰਾਵੋ, ਜੇ ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਹੈਰਾਨ ਨਾ ਹੋਵੋ।
14 ੧੪ ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ, ਇਸ ਲਈ ਜੋ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ। ਜਿਹੜਾ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ।
15 ੧੫ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ। (aiōnios )
16 ੧੬ ਇਸ ਤੋਂ ਅਸੀਂ ਪਿਆਰ ਨੂੰ ਜਾਣਿਆ ਕਿ ਉਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜੋ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ।
17 ੧੭ ਪਰ ਜਿਸ ਕਿਸੇ ਕੋਲ ਸੰਸਾਰ ਦੀਆਂ ਵਸਤੂਆਂ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ, ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪਿਆਰ ਕਿਵੇਂ ਰਹਿੰਦਾ ਹੈ?
18 ੧੮ ਹੇ ਬੱਚਿਓ, ਅਸੀਂ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਕੰਮਾਂ ਅਤੇ ਸਚਿਆਈ ਨਾਲ ਪਿਆਰ ਕਰੀਏ।
19 ੧੯ ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸੱਚ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਉਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ।
20 ੨੦ ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਸਰਬ ਗਿਆਨੀ ਹੈ।
21 ੨੧ ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ੀ ਨਾ ਠਹਿਰਾਵੇ, ਤਾਂ ਪਰਮੇਸ਼ੁਰ ਦੇ ਅੱਗੇ ਸਾਨੂੰ ਦਲੇਰੀ ਹੈ।
22 ੨੨ ਅਤੇ ਜੋ ਕੁਝ ਅਸੀਂ ਮੰਗਦੇ ਹਾਂ ਸੋ ਉਸ ਤੋਂ ਸਾਨੂੰ ਮਿਲਦਾ ਹੈ, ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਅਤੇ ਉਹ ਨੂੰ ਚੰਗੇ ਲੱਗਣ ਵਾਲੇ ਕੰਮ ਕਰਦੇ ਹਾਂ।
23 ੨੩ ਅਤੇ ਉਹ ਦਾ ਹੁਕਮ ਇਹ ਹੈ ਕਿ ਅਸੀਂ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ ਅਤੇ ਇੱਕ ਦੂਜੇ ਨਾਲ ਪਿਆਰ ਰੱਖੀਏ, ਜਿਵੇਂ ਉਹ ਨੇ ਸਾਨੂੰ ਹੁਕਮ ਦਿੱਤਾ ਸੀ।
24 ੨੪ ਅਤੇ ਜਿਹੜਾ ਉਹ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ, ਉਹ ਪ੍ਰਭੂ ਦੇ ਵਿੱਚ ਅਤੇ ਪ੍ਰਭੂ ਉਹ ਦੇ ਵਿੱਚ ਬਣਿਆ ਰਹਿੰਦਾ ਹੈ। ਉਹ ਨੇ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ।