< 1 ਕੁਰਿੰਥੀਆਂ ਨੂੰ 3 >
1 ੧ ਹੇ ਭਰਾਵੋ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਨਾ ਕਰ ਸਕਿਆ ਜਿਵੇਂ ਆਤਮਿਕ ਲੋਕਾਂ ਨਾਲ ਸਗੋਂ ਜਿਵੇਂ ਸੰਸਾਰੀ ਲੋਕਾਂ ਨਾਲ ਗੱਲ ਕਰੀਦੀ ਹੈ। ਹਾਂ, ਜਿਵੇਂ ਉਹਨਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ।
2 ੨ ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਵਾਇਆ ਕਿਉਂ ਜੋ ਅਜੇ ਤੁਸੀਂ ਉਹ ਦੇ ਲਾਇਕ ਨਹੀਂ ਹੋਏ ਸਗੋਂ ਹੁਣ ਵੀ ਉਹ ਦੇ ਲਾਇਕ ਨਹੀਂ ਹੋ।
3 ੩ ਤੁਸੀਂ ਹੁਣ ਤੱਕ ਸਰੀਰਕ ਹੋ ਕਿਉਂਕਿ ਜਦੋਂ ਜਲਣ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ?
4 ੪ ਜਦੋਂ ਇੱਕ ਕਹਿੰਦਾ ਹੈ ਕਿ ਮੈਂ ਪੌਲੁਸ ਦਾ ਹਾਂ ਅਤੇ ਦੂਜਾ, ਮੈਂ ਅੱਪੁਲੋਸ ਦਾ ਹਾਂ ਤਾਂ ਕੀ ਤੁਸੀਂ ਇਨਸਾਨ ਹੀ ਨਹੀਂ?
5 ੫ ਫੇਰ ਅੱਪੁਲੋਸ ਕੀ ਹੈ ਅਤੇ ਪੌਲੁਸ ਕੀ ਹੈ? ਸਿਰਫ਼ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਵਿਸ਼ਵਾਸ ਕੀਤੀ ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ।
6 ੬ ਮੈਂ ਤਾਂ ਬੂਟਾ ਲਾਇਆ ਅਤੇ ਅੱਪੁਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ।
7 ੭ ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ।
8 ੮ ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇਂ ਇੱਕ ਹਨ ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ।
9 ੯ ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ੁਰ ਦੀ ਖੇਤੀ ਅਤੇ ਪਰਮੇਸ਼ੁਰ ਦਾ ਭਵਨ ਹੋ।
10 ੧੦ ਪਰਮੇਸ਼ੁਰ ਦੀ ਕਿਰਪਾ ਅਨੁਸਾਰ ਜੋ ਮੈਨੂੰ ਦਾਨ ਵਿੱਚ ਮਿਲੀ ਹੈ, ਮੈਂ ਸਿਆਣੇ ਰਾਜ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਭਈ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ।
11 ੧੧ ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੋ ਦੂਜੀ ਕੋਈ ਨਹੀਂ ਰੱਖ ਸਕਦਾ ਅਤੇ ਇਹ ਯਿਸੂ ਮਸੀਹ ਹੈ।
12 ੧੨ ਪਰ ਜੇ ਕੋਈ ਉਸ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ-ਫੂਸ ਦੀ ਉਸਾਰੀ ਕਰੇ।
13 ੧੩ ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਪ੍ਰਗਟ ਕਰ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ।
14 ੧੪ ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਇਨਾਮ ਮਿਲੇਗਾ।
15 ੧੫ ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ।
16 ੧੬ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ?
17 ੧੭ ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ।
18 ੧੮ ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿੱਚ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਕਿ ਗਿਆਨੀ ਹੋ ਜਾਵੇ। (aiōn )
19 ੧੯ ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਤਾ ਹੈ ਕਿਉਂ ਜੋ ਲਿਖਿਆ ਹੋਇਆ ਹੈ, ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ।
20 ੨੦ ਫੇਰ ਇਹ ਕਿ ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਵਿਅਰਥ ਹਨ।
21 ੨੧ ਇਸ ਲਈ ਕੋਈ ਵੀ ਮਨੁੱਖਾਂ ਉੱਤੇ ਘਮੰਡ ਨਾ ਕਰੇ ਕਿਉਂ ਜੋ ਸਾਰੀਆਂ ਵਸਤਾਂ ਤੁਹਾਡੀਆਂ ਹਨ।
22 ੨੨ ਕੀ ਪੌਲੁਸ, ਕੀ ਅੱਪੁਲੋਸ, ਕੀ ਕੇਫ਼ਾਸ, ਕੀ ਦੁਨੀਆਂ, ਕੀ ਜੀਵਨ, ਕੀ ਮੌਤ, ਕੀ ਵਰਤਮਾਨ, ਕੀ ਹੋਣ ਵਾਲੀਆਂ ਵਸਤਾਂ, ਸੱਭੇ ਤੁਹਾਡੀਆਂ ਹਨ!
23 ੨੩ ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।