< 1 ਕੁਰਿੰਥੀਆਂ ਨੂੰ 11 >
1 ੧ ਮੇਰੇ ਵਰਗੀ ਚਾਲ ਚੱਲੋ ਜਿਵੇਂ ਮੈਂ ਮਸੀਹ ਵਰਗੀ ਚਾਲ ਚੱਲਦਾ ਹਾਂ।
2 ੨ ਅਤੇ ਜਿਸ ਪ੍ਰਕਾਰ ਮੈਂ ਤੁਹਾਨੂੰ ਰੀਤਾਂ ਸੌਂਪੀਆਂ, ਉਸੇ ਪ੍ਰਕਾਰ ਤੁਸੀਂ ਉਨ੍ਹਾਂ ਨੂੰ ਫੜ੍ਹੀ ਰੱਖਦੇ ਹੋ।
3 ੩ ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਕਿ ਹਰੇਕ ਆਦਮੀ ਦਾ ਸਿਰ ਮਸੀਹ ਹੈ ਅਤੇ ਔਰਤ ਦਾ ਸਿਰ ਆਦਮੀ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।
4 ੪ ਹਰੇਕ ਆਦਮੀ ਜਿਹੜਾ ਸਿਰ ਢੱਕੇ ਹੋਏ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ।
5 ੫ ਪਰ ਹਰੇਕ ਔਰਤ ਜਿਹੜੀ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ ਕਿਉਂ ਜੋ ਇਹ ਇਹੋ ਜਿਹੀ ਗੱਲ ਹੈ, ਜਿਵੇਂ ਉਸ ਦਾ ਸਿਰ ਮੁੰਨਿਆ ਗਿਆ।
6 ੬ ਕਿਉਂਕਿ ਜੇ ਔਰਤ ਸਿਰ ਨਾ ਢੱਕੇ ਤਾਂ ਆਪਣੇ ਵਾਲ਼ ਕਟਵਾ ਲਵੇ, ਜੇ ਔਰਤ ਨੂੰ ਵਾਲ਼ ਕਟਵਾਉਣ ਵਿੱਚ ਸ਼ਰਮ ਹੁੰਦੀ ਹੈ ਤਾਂ ਸਿਰ ਨੂੰ ਢੱਕ ਲਵੇ।
7 ੭ ਕਿਉਂ ਜੋ ਆਦਮੀ ਨੂੰ ਆਪਣਾ ਸਿਰ ਢੱਕ ਕੇ ਰੱਖਣਾ ਨਹੀਂ ਚਾਹੀਦਾ, ਕਿਉਂ ਜੋ ਉਹ ਪਰਮੇਸ਼ੁਰ ਦਾ ਸਰੂਪ ਅਤੇ ਮਹਿਮਾ ਹੈ; ਪਰੰਤੂ ਔਰਤ ਆਦਮੀ ਦਾ ਮਹਿਮਾ ਹੈ।
8 ੮ ਕਿਉਂ ਜੋ ਆਦਮੀ ਔਰਤ ਤੋਂ ਨਹੀਂ ਹੋਇਆ ਪਰ ਔਰਤ ਆਦਮੀ ਤੋਂ ਹੋਈ।
9 ੯ ਅਤੇ ਨਾ ਆਦਮੀ ਔਰਤ ਲਈ ਉਤਪਤ ਹੋਇਆ ਪਰ ਔਰਤ ਆਦਮੀ ਦੇ ਲਈ ਉਤਪਤ ਹੋਈ।
10 ੧੦ ਇਸ ਕਰਕੇ ਔਰਤ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧਿਕਾਰ ਨੂੰ ਰੱਖੇ।
11 ੧੧ ਤਾਂ ਵੀ ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਲੱਗ ਹੈ ਅਤੇ ਨਾ ਆਦਮੀ ਔਰਤ ਤੋਂ ਅਲੱਗ।
12 ੧੨ ਕਿਉਂਕਿ ਜਿਸ ਪ੍ਰਕਾਰ ਔਰਤ ਆਦਮੀ ਤੋਂ ਹੈ, ਉਸੇ ਪ੍ਰਕਾਰ ਆਦਮੀ ਔਰਤ ਦੇ ਰਾਹੀਂ ਹੈ, ਪਰ ਸਭ ਕੁਝ ਪਰਮੇਸ਼ੁਰ ਤੋਂ ਹੈ।
13 ੧੩ ਤੁਸੀਂ ਆਪੇ ਨਿਆਂ ਕਰੋ, ਭਲਾ, ਇਹ ਚੰਗਾ ਲੱਗਦਾ ਹੈ ਜੋ ਔਰਤ ਨੰਗੇ ਸਿਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੇ?
14 ੧੪ ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ ਹੈ ਕਿ ਜੇ ਆਦਮੀ ਸਿਰ ਦੇ ਵਾਲ਼ ਲੰਮੇ ਰੱਖੇ ਤਾਂ ਇਹ ਉਸ ਦੇ ਲਈ ਨਿਰਾਦਰ ਹੈ?
15 ੧੫ ਪਰੰਤੂ ਜੇ ਔਰਤ ਲੰਮੇ ਵਾਲ਼ ਰੱਖੇ ਤਾਂ ਉਹ ਦੇ ਲਈ ਸ਼ੋਭਾ ਹੈ, ਕਿਉਂ ਜੋ ਵਾਲ਼ ਉਸ ਨੂੰ ਪੜਦੇ ਦੇ ਲਈ ਦਿੱਤੇ ਹੋਏ ਹਨ।
16 ੧੬ ਪਰ ਜੇ ਕੋਈ ਝਗੜਾਲੂ ਹੋਵੇ ਤਾਂ ਨਾ ਸਾਡਾ ਕੋਈ ਇਹੋ ਜਿਹਾ ਦਸਤੂਰ ਹੈ ਅਤੇ ਨਾ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਦਾ।
17 ੧੭ ਪਰੰਤੂ ਇਹ ਕਹਿੰਦਾ ਹੋਇਆ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਕਿਉਂ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਿਆਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ।
18 ੧੮ ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਕਿ ਜਿਸ ਵੇਲੇ ਤੁਸੀਂ ਕਲੀਸਿਯਾ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਂਦੇ ਹਨ ਅਤੇ ਮੈਂ ਉਸ ਨੂੰ ਥੋੜ੍ਹਾ ਬਹੁਤ ਸੱਚ ਮੰਨਦਾ ਹਾਂ।
19 ੧੯ ਕਿਉਂ ਜੋ ਜ਼ਰੂਰੀ ਹੈ ਜੋ ਤੁਹਾਡੇ ਵਿੱਚ ਕੁਪੰਥ ਵੀ ਹੋਣ ਤਾਂ ਕਿ ਜਿਹੜੇ ਪਰਵਾਨ ਹਨ, ਉਹ ਤੁਹਾਡੇ ਵਿੱਚ ਉਜਾਗਰ ਹੋ ਜਾਣ।
20 ੨੦ ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ ਹੁੰਦਾ।
21 ੨੧ ਕਿਉਂ ਜੋ ਖਾਣ ਵੇਲੇ ਹਰੇਕ ਪਹਿਲਾਂ ਆਪੋ ਆਪਣਾ ਭੋਜਨ ਖਾ ਲੈਂਦਾ ਹੈ ਅਤੇ ਕੋਈ ਭੁੱਖਾ ਰਹਿੰਦਾ ਅਤੇ ਕੋਈ ਮਤਵਾਲਾ ਹੁੰਦਾ ਹੈ!
22 ੨੨ ਭਲਾ, ਖਾਣ-ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਤੁੱਛ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਆਖਾਂ? ਭਲਾ, ਇਸ ਵਿੱਚ ਤੁਹਾਡੀ ਵਡਿਆਈ ਕਰਾਂ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ।
23 ੨੩ ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਉਸ ਨੇ ਰੋਟੀ ਲਈ।
24 ੨੪ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
25 ੨੫ ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
26 ੨੬ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ।
27 ੨੭ ਇਸ ਕਰਕੇ ਜੋ ਕੋਈ ਬਿਨ੍ਹਾਂ ਯੋਗਤਾ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।
28 ੨੮ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ, ਅਤੇ ਪਿਆਲੇ ਵਿੱਚੋਂ ਪੀਵੇ।
29 ੨੯ ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਸਜ਼ਾ ਲੈ ਕੇ ਖਾਂਦਾ ਪੀਂਦਾ ਹੈ।
30 ੩੦ ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮਰ ਗਏ ਹਨ।
31 ੩੧ ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ।
32 ੩੨ ਪਰ ਜਦ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ।
33 ੩੩ ਸੋ ਹੇ ਮੇਰੇ ਭਰਾਵੋ, ਜਾਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਜੇ ਦੀ ਉਡੀਕ ਕਰੋ।
34 ੩੪ ਜੇ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ ਤਾਂ ਜੋ ਤੁਹਾਡੇ ਇਕੱਠੇ ਹੋਣ ਤੋਂ ਤੁਹਾਨੂੰ ਸਜ਼ਾ ਨਾ ਮਿਲੇ ਅਤੇ ਰਹਿੰਦੀਆਂ ਗੱਲਾਂ ਨੂੰ ਜਦੋਂ ਮੈਂ ਆਵਾਂਗਾ ਤਦ ਸੁਧਾਰਾਂਗਾ।