< 1 ਇਤਿਹਾਸ 18 >
1 ੧ ਇਸ ਤੋਂ ਬਾਅਦ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ, ਫ਼ਲਿਸਤੀਆਂ ਦੇ ਹੱਥੋਂ ਗਥ ਅਤੇ ਉਸ ਦੇ ਪਿੰਡਾਂ ਨੂੰ ਖੋਹ ਲਿਆ।
2 ੨ ਫਿਰ ਉਸ ਨੇ ਮੋਆਬ ਦੇਸ ਨੂੰ ਜਿੱਤ ਲਿਆ, ਤਦ ਮੋਆਬੀ ਦਾਊਦ ਦੇ ਦਾਸ ਬਣ ਗਏ, ਅਤੇ ਨਜ਼ਰਾਨੇ ਲਿਆਉਣ ਲੱਗੇ।
3 ੩ ਦਾਊਦ ਨੇ ਸੋਬਾਹ ਦੇ ਰਾਜਾ ਹਦਦਅਜ਼ਰ ਨੂੰ ਵੀ ਹਮਾਥ ਤੱਕ ਜਿੱਤ ਲਿਆ, ਜਦੋਂ ਉਹ ਫ਼ਰਾਤ ਦਰਿਆ ਦੀ ਵੱਲ ਆਪਣਾ ਰਾਜ ਸਥਿਰ ਕਰਨ ਗਿਆ ਸੀ।
4 ੪ ਅਤੇ ਦਾਊਦ ਨੇ ਉਸ ਤੋਂ ਇੱਕ ਹਜ਼ਾਰ ਰਥ, ਸੱਤ ਹਜ਼ਾਰ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਲੈ ਲਏ ਅਤੇ ਦਾਊਦ ਨੇ ਰੱਥਾਂ ਦੇ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ, ਉਹਨਾਂ ਨੂੰ ਲੰਗੜੇ ਕਰ ਦਿੱਤਾ ਪਰ ਉਨ੍ਹਾਂ ਵਿੱਚੋਂ ਇੱਕ ਸੌ ਰਥਾਂ ਦੇ ਲਈ ਘੋੜੇ ਬਚਾ ਰੱਖੇ।
5 ੫ ਅਤੇ ਜਦੋਂ ਦੰਮਿਸ਼ਕ ਦੇ ਅਰਾਮੀ ਲੋਕ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਹਾਇਤਾ ਕਰਨ ਨੂੰ ਆਏ, ਤਾਂ ਦਾਊਦ ਨੇ ਅਰਾਮੀਆਂ ਦੇ ਬਾਈ ਹਜ਼ਾਰ ਮਨੁੱਖ ਮਾਰ ਸੁੱਟੇ।
6 ੬ ਤਦ ਦਾਊਦ ਨੇ ਦੰਮਿਸ਼ਕ ਦੇ ਅਰਾਮ ਵਿੱਚ ਚੌਂਕੀਆਂ ਬਣਾਈਆਂ ਅਤੇ ਅਰਾਮ ਵਾਲੇ ਦਾਊਦ ਦੇ ਅਧੀਨ ਹੋ ਗਏ, ਅਤੇ ਨਜ਼ਰਾਨੇ ਲਿਆਉਣ ਲੱਗੇ ਅਤੇ ਜਿੱਥੇ-ਜਿੱਥੇ ਵੀ ਦਾਊਦ ਜਾਂਦਾ ਸੀ, ਯਹੋਵਾਹ ਉਸ ਨੂੰ ਜਿੱਤ ਬਖ਼ਸ਼ਦਾ ਸੀ
7 ੭ ਅਤੇ ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ।
8 ੮ ਅਤੇ ਹਦਦਅਜ਼ਰ ਦੇ ਨਗਰ ਟਿਬਹਥ ਅਤੇ ਕੂਨ ਵਿੱਚੋਂ ਦਾਊਦ ਢੇਰ ਸਾਰਾ ਪਿੱਤਲ ਲੈ ਆਇਆ, ਜਿਸ ਦੇ ਨਾਲ ਸੁਲੇਮਾਨ ਨੇ ਪਿੱਤਲ ਦਾ ਹੌਦ, ਥੰਮ੍ਹ ਅਤੇ ਪਿੱਤਲ ਦੇ ਭਾਂਡੇ ਬਣਾਏ।
9 ੯ ਜਦ ਹਮਾਥ ਦੇ ਰਾਜਾ ਤੋਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਨਸ਼ਟ ਕਰ ਦਿੱਤਾ ਹੈ,
10 ੧੦ ਤਾਂ ਉਸ ਨੇ ਆਪਣੇ ਪੁੱਤਰ ਹਦੋਰਾਮ ਨੂੰ ਦਾਊਦ ਰਾਜਾ ਕੋਲ ਭੇਜਿਆ, ਤਾਂ ਕਿ ਉਸ ਦੀ ਸੁੱਖ-ਸਾਂਦ ਦੀ ਖ਼ਬਰ ਲਿਆਵੇ ਅਤੇ ਉਸ ਨੂੰ ਵਧਾਈ ਦੇਵੇ, ਇਸ ਲਈ ਜੋ ਉਸ ਨੇ ਹਦਦਅਜ਼ਰ ਨਾਲ ਯੁੱਧ ਕਰ ਕੇ ਜਿੱਤ ਪਾਈ, ਕਿਉਂ ਜੋ ਹਦਰਅਜ਼ਰ ਤੋਊ ਨਾਲ ਸਦਾ ਲੜਦਾ ਰਹਿੰਦਾ ਸੀ, ਅਤੇ ਉਸ ਨੇ ਸੋਨੇ, ਚਾਂਦੀ, ਅਤੇ ਪਿੱਤਲ ਦੇ ਭਾਂਡੇ ਵੀ ਨਾਲ ਭੇਜੇ।
11 ੧੧ ਅਤੇ ਦਾਊਦ ਪਾਤਸ਼ਾਹ ਨੇ ਉਨ੍ਹਾਂ ਨੂੰ ਵੀ ਉਸ ਚਾਂਦੀ ਅਤੇ ਸੋਨੇ ਦੇ ਨਾਲ, ਜਿਹੜੇ ਉਸ ਨੇ ਸਰਬੱਤ ਕੌਮਾਂ ਤੋਂ ਅਰਥਾਤ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਏ ਸਨ, ਯਹੋਵਾਹ ਦੇ ਅੱਗੇ ਅਰਪਣ ਕਰ ਦਿੱਤੇ
12 ੧੨ ਅਤੇ ਅਬੀਸ਼ਈ ਸਰੂਯਾਹ ਦੇ ਪੁੱਤਰ ਨੇ ਲੂਣ ਦੀ ਵਾਦੀ ਵਿੱਚ ਅਦੋਮੀਆਂ ਵਿੱਚੋਂ ਅਠਾਰਾਂ ਹਜ਼ਾਰ ਜਣੇ ਮਾਰ ਸੁੱਟੇ।
13 ੧੩ ਉਸ ਨੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ ਅਤੇ ਸਾਰੇ ਅਦੋਮੀ ਵੀ ਦਾਊਦ ਦੇ ਅਧੀਨ ਹੋ ਗਏ ਅਤੇ ਜਿੱਥੇ-ਜਿੱਥੇ ਵੀ ਦਾਊਦ ਗਿਆ, ਯਹੋਵਾਹ ਉਸ ਨੂੰ ਜਿੱਤ ਬਖ਼ਸ਼ਦਾ ਸੀ।
14 ੧੪ ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਕਰਦਾ ਸੀ।
15 ੧੫ ਸਰੂਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ।
16 ੧੬ ਅਤੇ ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬੀਮਲਕ, ਅਬਯਾਥਾਰ ਦਾ ਪੁੱਤਰ ਜਾਜਕ ਸਨ ਅਤੇ ਸ਼ੌਵਸ਼ਾ ਮੁਨਸ਼ੀ ਸੀ
17 ੧੭ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ ਅਤੇ ਦਾਊਦ ਦੇ ਪੁੱਤਰ ਰਾਜੇ ਦੇ ਵਜ਼ੀਰ ਸਨ।