< 1 ਇਤਿਹਾਸ 14 >
1 ੧ ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਉਸਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ।
2 ੨ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਠਹਿਰਾਇਆ ਹੈ, ਕਿਉਂ ਜੋ ਉਸ ਦਾ ਰਾਜ ਉਸ ਦੀ ਪਰਜਾ ਇਸਰਾਏਲ ਦੇ ਕਾਰਨ ਅੱਤ ਉੱਚਾ ਕੀਤਾ ਗਿਆ।
3 ੩ ਦਾਊਦ ਨੇ ਯਰੂਸ਼ਲਮ ਵਿੱਚ ਹੋਰ ਵੀ ਇਸਤਰੀਆਂ ਨਾਲ ਵਿਆਹ ਕੀਤਾ ਅਤੇ ਉਸ ਦੇ ਘਰ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
4 ੪ ਉਸ ਦੇ ਪੁੱਤਰਾਂ ਦੇ ਨਾਮ ਜਿਹੜੇ ਯਰੂਸ਼ਲਮ ਵਿੱਚ ਜੰਮੇ ਇਹ ਸਨ - ਸ਼ਮੂਆਹ, ਸ਼ੋਬਾਬ, ਨਾਥਾਨ, ਸੁਲੇਮਾਨ,
5 ੫ ਯਿਬਹਾਰ, ਅਲੀਸ਼ੂਆ, ਅਲਪਾਲਟ,
6 ੬ ਨੋਗਹ, ਨਫ਼ਗ, ਯਾਫ਼ੀਆ,
7 ੭ ਅਲੀਸ਼ਾਮਾ, ਬਅਲਯਾਦਾ ਅਤੇ ਅਲੀਫ਼ਾਲਟ।
8 ੮ ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਦਾ ਸਾਰੇ ਇਸਰਾਏਲ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਗਿਆ ਹੈ, ਤਦ ਸਾਰੇ ਫ਼ਲਿਸਤੀ ਦਾਊਦ ਨੂੰ ਲੱਭਣ ਲਈ ਆਏ, ਤਾਂ ਦਾਊਦ ਇਹ ਸੁਣ ਕੇ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿੱਕਲਿਆ
9 ੯ ਅਤੇ ਫ਼ਲਿਸਤੀਆਂ ਨੇ ਆ ਕੇ ਰਫ਼ਾਈਮ ਦੀ ਘਾਟੀ ਵਿੱਚ ਹਮਲਾ ਕੀਤਾ
10 ੧੦ ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, “ਕੀ ਮੈਂ ਫ਼ਲਿਸਤੀਆਂ ਦਾ ਸਾਹਮਣਾ ਕਰਨ ਨੂੰ ਜਾਂਵਾਂ ਅਤੇ ਕੀ ਤੂੰ ਉਨ੍ਹਾਂ ਨੂੰ ਮੇਰੇ ਵੱਸ ਕਰ ਦੇਵੇਂਗਾ?” ਅਤੇ ਜਦੋਂ ਯਹੋਵਾਹ ਨੇ ਉਸ ਨੂੰ ਆਖਿਆ, “ਜਾ, ਹਮਲਾ ਕਰ ਕਿਉਂ ਜੋ ਜ਼ਰੂਰ ਹੀ ਮੈਂ ਉਨ੍ਹਾਂ ਨੂੰ ਤੇਰੇ ਅਧੀਨ ਕਰ ਦਿਆਂਗਾ।”
11 ੧੧ ਤਾਂ ਉਹ ਬਆਲ-ਪਰਾਸੀਮ ਨੂੰ ਚੜ੍ਹ ਆਏ, ਦਾਊਦ ਨੇ ਉਹਨਾਂ ਨੂੰ ਉੱਥੇ ਮਾਰਿਆ, ਤਾਂ ਦਾਊਦ ਨੇ ਆਖਿਆ, “ਪਰਮੇਸ਼ੁਰ ਮੇਰੇ ਹੱਥ ਨਾਲ ਮੇਰੇ ਵੈਰੀਆਂ ਉੱਤੇ ਹੜ੍ਹ ਵਾਂਗੂੰ ਟੁੱਟ ਪਿਆ, ਇਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਮ ਬਆਲ-ਪਰਾਸੀਮ ਰੱਖਿਆ।”
12 ੧੨ ਉਹ ਆਪਣੇ ਦੇਵਤਿਆਂ ਨੂੰ ਉੱਥੇ ਛੱਡ ਗਏ, ਤਾਂ ਦਾਊਦ ਨੇ ਉਹਨਾਂ ਦੇਵਤਿਆਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ।
13 ੧੩ ਫ਼ਲਿਸਤੀ ਫੇਰ ਮੁੜ ਆਏ ਅਤੇ ਫੇਰ ਉਸੇ ਘਾਟੀ ਵਿੱਚ ਹਮਲਾ ਕੀਤਾ,
14 ੧੪ ਤਾਂ ਦਾਊਦ ਨੇ ਪਰਮੇਸ਼ੁਰ ਕੋਲੋਂ ਪੁੱਛਿਆ ਅਤੇ ਪਰਮੇਸ਼ੁਰ ਨੇ ਉਸ ਨੂੰ ਆਖਿਆ, “ਤੂੰ ਹੁਣ ਉਨ੍ਹਾਂ ਦਾ ਪਿੱਛਾ ਨਾ ਕਰ, ਸਗੋਂ ਉਨ੍ਹਾਂ ਕੋਲੋਂ ਹਟ ਜਾ ਅਤੇ ਤੂਤਾਂ ਦੇ ਰੁੱਖਾਂ ਵੱਲੋਂ ਉਨ੍ਹਾਂ ਉੱਤੇ ਹਮਲਾ ਕਰ,
15 ੧੫ ਅਤੇ ਜਿਸ ਵੇਲੇ ਤੂੰ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦੀ ਅਵਾਜ਼ ਸੁਣੇਂ, ਤਾਂ ਤੂੰ ਯੁੱਧ ਕਰਨ ਨੂੰ ਨਿੱਕਲ ਜਾ, ਕਿਉਂ ਜੋ ਪਰਮੇਸ਼ੁਰ ਤੇਰੇ ਅੱਗੇ-ਅੱਗੇ ਤੁਰ ਕੇ ਫ਼ਲਿਸਤੀਆਂ ਦੀ ਸੈਨਾਂ ਨੂੰ ਮਾਰਨ ਲਈ ਨਿੱਕਲਿਆ ਹੈ।”
16 ੧੬ ਦਾਊਦ ਨੇ ਪਰਮੇਸ਼ੁਰ ਦੀ ਆਗਿਆ ਦੇ ਅਨੁਸਾਰ ਹੀ ਕੀਤਾ ਅਤੇ ਉਹ ਫ਼ਲਿਸਤੀਆਂ ਦੇ ਦਲ ਨੂੰ ਗਿਬਓਨ ਤੋਂ ਲੈ ਕੇ ਗਜ਼ਰ ਤੱਕ ਮਾਰ-ਮਾਰ ਕੇ ਨਾਸ ਕਰਦਾ ਗਿਆ।
17 ੧੭ ਤਾਂ ਦਾਊਦ ਦਾ ਨਾਮ ਸਾਰਿਆਂ ਦੇਸਾਂ ਵਿੱਚ ਫੈਲ ਗਿਆ ਅਤੇ ਯਹੋਵਾਹ ਨੇ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਉਸ ਦਾ ਡਰ ਪਾ ਦਿੱਤਾ।