< ਮੱਤੀ 14 >
1 ੧ ਉਸ ਸਮੇਂ ਰਾਜਾ ਹੇਰੋਦੇਸ ਨੇ ਯਿਸੂ ਦੀ ਖ਼ਬਰ ਸੁਣੀ।
2 ੨ ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ!
3 ੩ ਹੇਰੋਦੇਸ ਨੇ ਆਪਣੇ ਭਰਾ ਫ਼ਿਲਿਪੁੱਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ।
4 ੪ ਇਸ ਲਈ ਜੋ ਯੂਹੰਨਾ ਨੇ ਉਸ ਨੂੰ ਆਖਿਆ ਸੀ ਕਿ ਉਹ ਦਾ ਰੱਖਣਾ ਤੁਹਾਨੂੰ ਯੋਗ ਨਹੀਂ।
5 ੫ ਉਹ ਉਸ ਨੂੰ ਮਾਰ ਸੁੱਟਣਾ ਚਾਹੁੰਦਾ ਸੀ ਪਰ ਲੋਕਾਂ ਤੋਂ ਡਰਿਆ ਕਿਉਂ ਜੋ ਉਹ ਉਸ ਨੂੰ ਨਬੀ ਮੰਨਦੇ ਸਨ।
6 ੬ ਪਰ ਜਦੋਂ ਹੇਰੋਦੇਸ ਦਾ ਜਨਮ ਦਿਨ ਆਇਆ ਤਦ ਹੇਰੋਦਿਯਾਸ ਦੀ ਧੀ ਨੇ ਨੱਚ ਕੇ ਹੇਰੋਦੇਸ ਨੂੰ ਖੁਸ਼ ਕੀਤਾ।
7 ੭ ਤਾਂ ਹੇਰੋਦੇਸ ਨੇ ਸਹੁੰ ਖਾਧੀ ਕਿ ਜੋ ਕੁਝ ਉਹ ਮੰਗੇ, ਮੈਂ ਉਸ ਨੂੰ ਦੇਵਾਂਗਾ।
8 ੮ ਤਾਂ ਉਸ ਨੇ ਆਪਣੀ ਮਾਂ ਦੁਆਰਾ ਉਕਸਾਏ ਜਾਣ ਕਰਕੇ ਕਿਹਾ ਕਿ, “ਹੁਣੇ ਇੱਥੇ, ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ”।
9 ੯ ਤਦ ਰਾਜਾ ਬਹੁਤ ਉਦਾਸ ਹੋਇਆ, ਪਰ ਆਪਣੀ ਸਹੁੰ ਅਤੇ ਉਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਉਹ ਦੇ ਨਾਲ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ।
10 ੧੦ ਅਤੇ ਮਨੁੱਖ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁੱਟਿਆ।
11 ੧੧ ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ।
12 ੧੨ ਅਤੇ ਉਹ ਦੇ ਚੇਲਿਆਂ ਨੇ ਉੱਥੇ ਜਾ ਕੇ ਲਾਸ਼ ਚੁੱਕੀ, ਉਸ ਨੂੰ ਦਫ਼ਨਾਇਆ ਅਤੇ ਆਣ ਕੇ ਯਿਸੂ ਨੂੰ ਖ਼ਬਰ ਦਿੱਤੀ।
13 ੧੩ ਜਦੋਂ ਯਿਸੂ ਨੇ ਇਹ ਸੁਣਿਆ, ਉਹ ਉੱਥੋਂ ਬੇੜੀ ਉੱਤੇ ਚੜ੍ਹ ਕੇ ਇੱਕ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ।
14 ੧੪ ਜਦੋਂ ਉਹ ਬੇੜੀ ਵਿੱਚੋਂ ਉਤਰਿਆ ਤਾਂ ਉਸ ਨੇ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ।
15 ੧੫ ਅਤੇ ਜਦ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਹੁਣ ਦਿਨ ਬਹੁਤ ਢਲ ਗਿਆ ਹੈ। ਲੋਕਾਂ ਨੂੰ ਵਿਦਾ ਕਰ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ।
16 ੧੬ ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਨੂੰ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਉਨ੍ਹਾਂ ਦੇ ਲਈ ਭੋਜਨ ਦਾ ਪ੍ਰਬੰਧ ਕਰੋ।
17 ੧੭ ਪਰ ਉਨ੍ਹਾਂ ਉਸ ਨੂੰ ਕਿਹਾ, ਇੱਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।
18 ੧੮ ਤਾਂ ਉਹ ਬੋਲਿਆ, ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ।
19 ੧੯ ਅਤੇ ਯਿਸੂ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ।
20 ੨੦ ਅਤੇ ਸਭ ਲੋਕਾਂ ਦੇ ਰੱਜ ਕੇ ਖਾਣ ਤੋਂ ਬਾਅਦ, ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ।
21 ੨੧ ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਬਿਨ੍ਹਾਂ ਪੰਜ ਹਜ਼ਾਰ ਮਰਦ ਸਨ।
22 ੨੨ ਉਹ ਨੇ ਉਸੇ ਵੇਲੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਾ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਨਾਲੋਂ ਪਹਿਲਾਂ ਪਾਰ ਲੰਘ ਜਾਓ।
23 ੨੩ ਅਤੇ ਉਹ ਭੀੜ ਨੂੰ ਵਿਦਾ ਕਰ ਕੇ ਪ੍ਰਾਰਥਨਾ ਕਰਨ ਲਈ ਬਿਲਕੁਲ ਇਕੱਲਾ ਪਹਾੜ ਤੇ ਚੜ੍ਹ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ।
24 ੨੪ ਪਰ ਉਸ ਵੇਲੇ ਬੇੜੀ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਚੱਲ ਰਹੀ ਸੀ।
25 ੨੫ ਅਤੇ ਰਾਤ ਦੇ ਚੌਥੇ ਪਹਿਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ, ਉਨ੍ਹਾਂ ਵੱਲ ਆਇਆ।
26 ੨੬ ਅਤੇ ਜਦੋਂ ਚੇਲਿਆਂ ਨੇ ਉਹ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਘਬਰਾ ਕੇ ਆਖਣ ਲੱਗੇ, ਇਹ ਭੂਤ ਹੈ! ਅਤੇ ਡਰ ਨਾਲ ਚੀਕਾਂ ਮਾਰਨ ਲੱਗੇ।
27 ੨੭ ਪਰ ਯਿਸੂ ਨੇ ਤੁਰੰਤ ਉਨ੍ਹਾਂ ਨੂੰ ਆਖਿਆ, ਹੌਂਸਲਾ ਰੱਖੋ! ਮੈਂ ਹਾਂ, ਨਾ ਡਰੋ।
28 ੨੮ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ।
29 ੨੯ ਉਸ ਨੇ ਆਖਿਆ, ਆ, ਅਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ।
30 ੩੦ ਪਰ ਹਵਾ ਨੂੰ ਵੇਖ ਕੇ ਡਰਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ!
31 ੩੧ ਅਤੇ ਤੁਰੰਤ ਯਿਸੂ ਨੇ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਕਿਉਂ ਸ਼ੱਕ ਕੀਤਾ?
32 ੩੨ ਅਤੇ ਜਦੋਂ ਉਹ ਬੇੜੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ।
33 ੩੩ ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ ਕਿ, ਤੂੰ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਹੈਂ।
34 ੩੪ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ।
35 ੩੫ ਅਤੇ ਜਦੋਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ, ਤਾਂ ਉਸ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਦੇ ਕੋਲ ਲਿਆਏ।
36 ੩੬ ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਸਿਰਫ਼ ਆਪਣੇ ਕੱਪੜੇ ਦਾ ਪੱਲਾ ਛੂਹਣ ਦੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।