< ਲੂਕਾ 7 >
1 ੧ ਜਦ ਉਹ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਕਹਿ ਚੁੱਕਿਆ ਤਾਂ ਕਫ਼ਰਨਾਹੂਮ ਵਿੱਚ ਆਇਆ।
2 ੨ ਅਤੇ ਕਿਸੇ ਸੂਬੇਦਾਰ ਦਾ ਨੌਕਰ ਜਿਹੜਾ ਉਸ ਦਾ ਬਹੁਤ ਪਿਆਰਾ ਸੀ ਰੋਗ ਨਾਲ ਮਰਨ ਵਾਲਾ ਸੀ।
3 ੩ ਉਸ ਨੇ ਯਿਸੂ ਦੀ ਖ਼ਬਰ ਸੁਣ ਕੇ ਯਹੂਦੀਆਂ ਦੇ ਕਈਆਂ ਬਜ਼ੁਰਗਾਂ ਨੂੰ ਉਸ ਦੇ ਕੋਲ ਭੇਜਿਆ ਅਤੇ ਉਸ ਅੱਗੇ ਬੇਨਤੀ ਕੀਤੀ ਜੋ ਆ ਕੇ ਮੇਰੇ ਨੌਕਰ ਨੂੰ ਚੰਗਾ ਕਰੇ।
4 ੪ ਉਹ ਯਿਸੂ ਦੇ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਸ ਨੂੰ ਬੇਨਤੀ ਕਰ ਕੇ ਆਖਿਆ ਕਿ ਉਹ ਇਸ ਲਾਇਕ ਹੈ ਜੋ ਤੂੰ ਉਸ ਦੇ ਲਈ ਇਹ ਕੰਮ ਕਰੇਂ।
5 ੫ ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਸ ਨੇ ਆਪ ਸਾਡੇ ਲਈ ਪ੍ਰਾਰਥਨਾ ਘਰ ਬਣਵਾਇਆ ਹੈ।
6 ੬ ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਤੇ ਜਦ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਸ ਨੂੰ ਸੁਨੇਹਾ ਭੇਜਿਆ ਕਿ ਪ੍ਰਭੂ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੇ ਘਰ ਆਓ।
7 ੭ ਇਸੇ ਕਾਰਨ ਮੈਂ ਆਪਣੇ ਆਪ ਨੂੰ ਤੇਰੇ ਕੋਲ ਆਉਣ ਦੇ ਵੀ ਯੋਗ ਨਾ ਸਮਝਿਆ ਜੇਕਰ ਤੂੰ ਇੱਕ ਸ਼ਬਦ ਹੀ ਕਹਿ ਦੇਵੇਂਗਾ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ।
8 ੮ ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ। ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, “ਜਾ” ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ ਬੁਲਾਵਾਂ “ਆ” ਤਾਂ ਉਹ ਆਉਂਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾਂ ਹਾਂ “ਇਹ ਕਰ”, ਤਾਂ ਉਹ ਕਰਦਾ ਹੈ।
9 ੯ ਯਿਸੂ ਇਹ ਗੱਲਾਂ ਸੁਣ ਕੇ ਹੈਰਾਨ ਹੋਇਆ ਅਤੇ ਉਸ ਭੀੜ ਦੀ ਵੱਲ ਜੋ ਉਸ ਦੇ ਮਗਰ ਚੱਲੀ ਆਉਂਦੀ ਸੀ ਮੁੜ ਕੇ ਕਿਹਾ, ਮੈਂ ਤੁਹਾਨੂੰ ਆਖਦਾ ਹਾਂ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਏਲ ਵਿੱਚ ਵੀ ਨਹੀਂ ਵੇਖਿਆ!
10 ੧੦ ਜੋ ਭੇਜੇ ਗਏ ਸਨ ਉਨ੍ਹਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਾ ਹੋਇਆ ਵੇਖਿਆ।
11 ੧੧ ਇਸ ਦੇ ਪਿੱਛੋਂ ਇਹ ਹੋਇਆ ਯਿਸੂ ਨਾਈਨ ਨਾਮ ਦੇ ਇੱਕ ਨਗਰ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਵੱਡੀ ਭੀੜ ਉਸ ਦੇ ਨਾਲ ਤੁਰੀ ਜਾਂਦੀ ਸੀ।
12 ੧੨ ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਪੁੱਜਿਆ ਤਾਂ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਵਿਧਵਾ ਸੀ, ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ।
13 ੧੩ ਪ੍ਰਭੂ ਨੇ ਵੇਖ ਕੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ।
14 ੧੪ ਅਤੇ ਨੇੜੇ ਆ ਕੇ ਅਰਥੀ ਨੂੰ ਛੂਹਿਆ ਅਤੇ ਚੁੱਕਣ ਵਾਲੇ ਰੁੱਕ ਗਏ। ਤਦ ਉਸ ਨੇ ਕਿਹਾ, ਹੇ ਜਵਾਨ ਮੈਂ ਤੈਨੂੰ ਕਹਿੰਦਾ ਹਾਂ, ਉੱਠ!
15 ੧੫ ਤਦ ਉਹ ਮੁਰਦਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ ਅਤੇ ਯਿਸੂ ਨੇ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ।
16 ੧੬ ਤਦ ਸਭ ਦੇ ਸਭ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਕੇ ਬੋਲੇ ਕਿ ਸਾਡੇ ਵਿੱਚ ਇੱਕ ਮਹਾਨ ਨਬੀ ਉੱਠਿਆ ਹੈ, ਅਤੇ ਪਰਮੇਸ਼ੁਰ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ ਹੈ।
17 ੧੭ ਅਤੇ ਉਸ ਦੇ ਬਾਰੇ ਇਹ ਗੱਲ ਸਾਰੇ ਯਹੂਦਿਯਾ ਅਤੇ ਉਸ ਪੂਰੇ ਇਲਾਕੇ ਵਿੱਚ ਫੈਲ ਗਈ।
18 ੧੮ ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਇਨ੍ਹਾਂ ਸਾਰਿਆਂ ਕੰਮਾਂ ਦੀ ਖ਼ਬਰ ਦਿੱਤੀ।
19 ੧੯ ਤਦ ਯੂਹੰਨਾ ਨੇ ਆਪਣੇ ਚੇਲਿਆਂ ਵਿੱਚੋਂ ਦੋ ਚੇਲਿਆਂ ਨੂੰ ਬੁਲਾਇਆ ਅਤੇ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ ਕਿ ਆਉਣ ਵਾਲਾ ਮਸੀਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ।
20 ੨੦ ਉਹ ਦੋਨੋਂ ਚੇਲੇ ਯਿਸੂ ਕੋਲ ਆਏ ਅਤੇ ਉਸ ਤੋਂ ਪੁੱਛਿਆ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਇਹ ਪੁੱਛਣ ਲਈ ਭੇਜਿਆ ਹੈ ਕਿ ਆਉਣ ਵਾਲਾ ਮਸੀਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?
21 ੨੧ ਉਸ ਨੇ ਉਸ ਸਮੇਂ ਬਹੁਤਿਆਂ ਨੂੰ ਰੋਗਾਂ ਅਤੇ ਕਮਜ਼ੋਰੀਆਂ ਅਤੇ ਦੁਸ਼ਟ ਆਤਮਾਵਾਂ ਤੋਂ ਚੰਗਾ ਕੀਤਾ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ।
22 ੨੨ ਤਦ ਯਿਸੂ ਨੇ ਉੱਤਰ ਦਿੱਤਾ ਕਿ ਜੋ ਕੁਝ ਤੁਸੀਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਕੇ ਦੱਸੋ ਕਿ ਅੰਨ੍ਹੇ ਵੇਖਦੇ, ਲੰਗੜੇ ਤੁਰਦੇ, ਕੋੜ੍ਹੀ ਸ਼ੁੱਧ ਹੁੰਦੇ, ਬੋਲੇ ਸੁਣਦੇ ਅਤੇ ਮੁਰਦੇ ਜਿਵਾਲੇ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ।
23 ੨੩ ਅਤੇ ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ।
24 ੨੪ ਜਦ ਯੂਹੰਨਾ ਦੇ ਸੰਦੇਸ਼ਵਾਹਕ ਵਾਪਸ ਚੱਲੇ ਗਏ ਤਾਂ ਉਹ ਯੂਹੰਨਾ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ? ਭਲਾ, ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ?
25 ੨੫ ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਇੱਕ ਮਨੁੱਖ ਨੂੰ ਜੋ ਮਹੀਨ ਬਸਤਰ ਪਹਿਨੇ ਹੋਏ ਸੀ? ਵੇਖੋ, ਉਹ ਜੋ ਸੋਹਣੀ ਪੁਸ਼ਾਕ ਪਹਿਨਦੇ ਅਤੇ ਐਸ਼ ਕਰਦੇ ਹਨ ਸੋ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੇ ਹਨ।
26 ੨੬ ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਨਬੀ ਨੂੰ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ।
27 ੨੭ ਇਹ ਉਹ ਹੈ ਜਿਸ ਦੇ ਬਾਰੇ ਵਿੱਚ ਲਿਖਿਆ ਹੈ, ਵੇਖ, ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।
28 ੨੮ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ ਹਨ ਉਨ੍ਹਾਂ ਵਿੱਚੋਂ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ।
29 ੨੯ ਜਦ ਮਸੂਲੀਆਂ ਅਤੇ ਸਭ ਲੋਕਾਂ ਨੇ ਇਹ ਸੁਣਿਆ ਤਾਂ ਯੂਹੰਨਾ ਦਾ ਬਪਤਿਸਮਾ ਲੈ ਕੇ ਪਰਮੇਸ਼ੁਰ ਨੂੰ ਸੱਚਾ ਮੰਨਿਆ।
30 ੩੦ ਪਰ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਉਸ ਕੋਲੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨੂੰ ਟਾਲ ਦਿੱਤਾ।
31 ੩੧ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ਅਤੇ ਉਹ ਕਿਸ ਦੇ ਸਮਾਨ ਹਨ?
32 ੩੨ ਉਹ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਬਜ਼ਾਰ ਵਿੱਚ ਬੈਠੇ ਇੱਕ ਦੂਜੇ ਨੂੰ ਅਵਾਜ਼ ਮਾਰਦੇ ਤੇ ਆਖਦੇ ਹਨ ਕਿ ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ। ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਰੋਏ।
33 ੩੩ ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ, ਉਹ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਸੀ ਅਤੇ ਤੁਸੀਂ ਆਖਦੇ ਹੋ ਕਿ ਉਹ ਦੇ ਵਿੱਚ ਇੱਕ ਭੂਤ ਹੈ।
34 ੩੪ ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਹੈ ਅਤੇ ਤੁਸੀਂ ਉਸ ਬਾਰੇ ਕਹਿੰਦੇ ਹੋ, ਵੇਖੋ ਇੱਕ ਪੇਟੂ ਅਤੇ ਸ਼ਰਾਬੀ ਮਨੁੱਖ, ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ!
35 ੩੫ ਸੋ ਗਿਆਨ ਆਪਣੇ ਸਾਰੇ ਕੰਮਾਂ ਦੁਆਰਾ ਸੱਚਾ ਠਹਿਰਿਆ!
36 ੩੬ ਫੇਰ ਇੱਕ ਫ਼ਰੀਸੀ ਨੇ ਉਸ ਨੂੰ ਬੇਨਤੀ ਕੀਤੀ ਜੋ ਮੇਰੇ ਨਾਲ ਭੋਜਨ ਕਰ। ਤਦ ਉਹ ਫ਼ਰੀਸੀ ਦੇ ਘਰ ਜਾ ਕੇ ਖਾਣ ਬੈਠ ਗਿਆ।
37 ੩੭ ਉਸ ਸ਼ਹਿਰ ਵਿੱਚ ਇੱਕ ਪਾਪੀ ਔਰਤ ਰਹਿੰਦੀ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਫ਼ਰੀਸੀ ਦੇ ਘਰ ਭੋਜਨ ਕਰ ਰਿਹਾ ਹੈ ਤਾਂ ਉਹ ਸੰਗਮਰਮਰ ਦੀ ਅਤਰਦਾਨੀ ਵਿੱਚ ਅਤਰ ਲੈ ਕੇ ਆਈ।
38 ੩੮ ਅਤੇ ਉਹ ਉਸ ਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ-ਰੋਂਦੀ ਹੰਝੂਆਂ ਨਾਲ ਉਸ ਦੇ ਪੈਰ ਧੋਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਮਲਿਆ।
39 ੩੯ ਅਤੇ ਇਹ ਵੇਖ ਕੇ ਉਹ ਫ਼ਰੀਸੀ ਜਿਸ ਨੇ ਉਸ ਨੂੰ ਭੋਜਨ ਤੇ ਬੁਲਾਇਆ ਸੀ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਇਹ ਮਨੁੱਖ ਜੇਕਰ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਔਰਤ ਜੋ ਉਸ ਨੂੰ ਛੂੰਹਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ।
40 ੪੦ ਯਿਸੂ ਨੇ ਉਸ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ, ਸ਼ਮਊਨ, ਮੈਂ ਤੈਨੂੰ ਕੁਝ ਆਖਣਾ ਹੈ। ਤਾਂ ਉਹ ਬੋਲਿਆ, ਗੁਰੂ ਜੀ ਦੱਸੋ।
41 ੪੧ ਯਿਸੂ ਨੇ ਕਿਹਾ, “ਕਿਸੇ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਢਾਈ ਸੌ ਰੁਪਏ ਦਾ ਅਤੇ ਦੂਜਾ ਪੰਜਾਹਾਂ ਦਾ।”
42 ੪੨ ਜਦ ਉਨ੍ਹਾਂ ਦੇ ਕੋਲ ਵਾਪਸ ਕਰਨ ਲਈ ਕੁਝ ਨਾ ਸੀ ਤਾਂ ਉਸ ਨੇ ਦੋਵਾਂ ਦਾ ਕਰਜ਼ ਮਾਫ਼ ਕਰ ਦਿੱਤਾ ਸੀ। ਮੈਨੂੰ ਦੱਸ ਉਨ੍ਹਾਂ ਵਿੱਚੋਂ ਉਸ ਨਾਲ ਜ਼ਿਆਦਾ ਪਿਆਰ ਕੌਣ ਕਰੇਗਾ?
43 ੪੩ ਸ਼ਮਊਨ ਨੇ ਉੱਤਰ ਦਿੱਤਾ, ਮੇਰੀ ਸਮਝ ਵਿੱਚ ਉਹ ਜਿਸ ਨੂੰ ਉਸ ਨੇ ਜ਼ਿਆਦਾ ਮਾਫ਼ ਕੀਤਾ। ਤਾਂ ਉਸ ਨੇ ਉਸ ਨੂੰ ਆਖਿਆ, ਤੂੰ ਠੀਕ ਫ਼ੈਸਲਾ ਕੀਤਾ।
44 ੪੪ ਫਿਰ ਉਸ ਨੇ ਔਰਤ ਵੱਲ ਮੂੰਹ ਫੇਰ ਕੇ ਸ਼ਮਊਨ ਨੂੰ ਕਿਹਾ, ਤੂੰ ਇਸ ਔਰਤ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਆਇਆ ਪਰ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਇਸ ਨੇ ਮੇਰੇ ਪੈਰ ਹੰਝੂਆਂ ਨਾਲ ਧੋਤੇ ਅਤੇ ਆਪਣੇ ਵਾਲਾਂ ਨਾਲ ਪੂੰਝੇ ਹਨ।
45 ੪੫ ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਦਾ ਮੈਂ ਇੱਥੇ ਆਇਆ ਹਾਂ ਇਹ ਮੇਰੇ ਪੈਰ ਚੁੰਮਣ ਤੋਂ ਨਹੀਂ ਰੁਕੀ।
46 ੪੬ ਤੂੰ ਮੇਰੇ ਸਿਰ ਤੇ ਤੇਲ ਨਹੀਂ ਲਾਇਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ ਹੈ।
47 ੪੭ ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਕਿ ਇਸ ਦੇ ਪਾਪ ਜੋ ਬਹੁਤੇ ਸਨ ਸੋ ਮਾਫ਼ ਕੀਤੇ ਗਏ ਕਿਉਂਕਿ ਇਸ ਨੇ ਬਹੁਤ ਪਿਆਰ ਕੀਤਾ, ਪਰ ਜਿਸ ਨੂੰ ਥੋੜ੍ਹਾ ਮਾਫ਼ ਕੀਤਾ ਗਿਆ ਸੋ ਥੋੜ੍ਹਾ ਪਿਆਰ ਕਰਦਾ ਹੈ।
48 ੪੮ ਫਿਰ ਯਿਸੂ ਨੇ ਉਸ ਔਰਤ ਨੂੰ ਆਖਿਆ, ਤੇਰੇ ਪਾਪ ਮਾਫ਼ ਕੀਤੇ ਗਏ।
49 ੪੯ ਅਤੇ ਜਿਹੜੇ ਉਸ ਦੇ ਨਾਲ ਭੋਜਨ ਕਰ ਰਹੇ ਸਨ ਆਪਣੇ ਮਨਾਂ ਵਿੱਚ ਕਹਿਣ ਲੱਗੇ ਜੋ ਇਹ ਕੌਣ ਹੈ, ਜੋ ਪਾਪ ਵੀ ਮਾਫ਼ ਕਰਦਾ ਹੈ?
50 ੫੦ ਅਤੇ ਉਸ ਨੇ ਉਸ ਔਰਤ ਨੂੰ ਆਖਿਆ, ਤੇਰੇ ਵਿਸ਼ਵਾਸ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚਲੀ ਜਾ।